ਬਰੱਸਲਜ਼, 25 ਨਵੰਬਰ
ਨਾਟੋ ਗੱਠਜੋੜ ਦੇ ਜਨਰਲ ਸਕੱਤਰ ਜੈਨਜ਼ ਸਟੌਲਟਨਬਰਗ ਨੇ ਅੱਜ ਸਹੁੰ ਖਾਧੀ ਕਿ ਇਹ ਫੌਜੀ ਗੱਠਜੋੜ ਰੂਸ ਖ਼ਿਲਾਫ਼ ਯੂਕਰੇਨ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਹਾਰ ਦੇ ਝੰਬੇ ਇਸ ਦੇਸ਼ ਨਾਲ ਉਦੋਂ ਤੱਕ ਖੜ੍ਹਾ ਰਹੇਗਾ, ਜਦੋਂ ਤੱਕ ਉਸ ਨੂੰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਯੂਕਰੇਨੀ ਹਥਿਆਰਬੰਦ ਬਲਾਂ ਨੂੰ ਪੱਛਮੀ ਨਿਯਮਾਂ ਮੁਤਾਬਕ ਆਧੁਨਿਕ ਫ਼ੌਜ ਬਣਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਹ ਨਾਟੋ ਵਿੱਚ ਸ਼ਾਮਲ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਰੋਮਾਨੀਆ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਟੌਲਟਨਬਰਗ ਨੇ ਨਾਟੋ ਮੈਂਬਰ ਦੇਸ਼ਾਂ ਨੂੰ ਇਕੱਲੇ ਇਕੱਲੇ ਤੌਰ ‘ਤੇ ਜਾਂ ਸਮੂਹ ਵਿੱਚ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀ ਅਤੇ ਹੋਰ ਹਥਿਆਰ ਮੁਹੱਈਆ ਕਰਵਾਉਣਾ ਜਾਰੀ ਰੱਖਣ ਦੀ ਅਪੀਲ ਕੀਤੀ। ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ”ਨਾਟੋ ਉਦੋਂ ਤੱਕ ਯੂਕਰੇਨ ਨਾਲ ਖੜ੍ਹਾ ਰਹੇਗਾ, ਜਦੋਂ ਤੱਕ ਉਸ ਨੂੰ ਇਸ ਦੀ ਜ਼ਰੂਰਤ ਹੈ। ਅਸੀਂ ਪਿੱਛੇ ਨਹੀਂ ਹਟਾਂਗੇ।” ਉਨ੍ਹਾਂ ਕਿਹਾ, ”ਸਹਿਯੋਗੀ ਦੇਸ਼ ਪਹਿਲਾਂ ਹੀ ਕਾਫ਼ੀ ਫੌਜੀ ਸਹਾਇਤਾ ਮੁਹੱਈਆ ਕਰਵਾ ਰਹੇ ਹਨ। ਉਮੀਦ ਹੈ ਕਿ ਵਿਦੇਸ਼ ਮੰਤਰੀ ਵੀ ਗ਼ੈਰਘਾਤਕ ਹਥਿਆਰਾਂ ਦਾ ਸਮਰਥਨ ਵਧਾਉਣ ਲਈ ਸਹਿਮਤ ਹੋਣਗੇ।” ਸਟੌਲਟਨਬਰਗ ਨੇ ਕਿਹਾ ਕਿ ‘ਨਾਟੋ’ ਦੇ ਦੇਸ਼ ਯੂਕਰੇਨ ਨੂੰ ਪੈਟਰੋਲੀਅਮ, ਜੈਨਰੇਟਰ, ਦਵਾਈਆਂ, ਸਰਦੀਆਂ ਦਾ ਸਾਜ਼ੋ-ਸਾਮਾਨ ਤੇ ਡਰੋਨ ਨੂੰ ਰੋਕਣ ਵਾਲੇ ਉਪਕਰਨ ਮੁਹੱਈਆ ਕਰਵਾ ਰਹੇ ਹਨ, ਪਰ ਸਰਦੀਆਂ ਆਉਣ ਕਾਰਨ ਇਸ ਦੀ ਹੋਰ ਜ਼ਰੂਰਤ ਪਵੇਗੀ। -ਪੀਟੀਆਈ
ਯੂਕਰੇਨ ਵਿੱਚ 3,720 ਐਮਰਜੈਂਸੀ ਸ਼ੈਲਟਰ ਬਣਾਏ
ਕੀਵ: ਰੂਸ ਦੇ ਤਾਜ਼ਾ ਹਵਾਈ ਹਮਲਿਆਂ ਕਾਰਨ ਯੂਕਰੇਨ ਵਿੱਚ ਵੱਡੇ ਪੱਧਰ ‘ਤੇ ਪੈਦਾ ਹੋਏ ਬਿਜਲੀ ਸੰਕਟ ਮਗਰੋਂ ਯੂਕਰੇਨੀ ਅਧਿਕਾਰੀਆਂ ਨੇ ਜੰਗ ਦੇ ਝੰਬੇ ਦੇਸ਼ ਵਿੱਚ 3,720 ਐਮਰਜੈਂਸੀ ਸ਼ੈਲਟਰ ਸਥਾਪਤ ਕੀਤੇ ਹਨ। ਸ਼ਿਨਹੂਆ ਏਜੰਸੀ ਦੀ ਰਿਪੋਰਟ ਮੁਤਾਬਕ, ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਉਪ ਮੁਖੀ ਕਿਰਿਲੋ ਤਿਮੋਸ਼ੈਂਕੋ ਨੇ ਕਿਹਾ ਕਿ ਜੈਰਨੇਟਰਾਂ ਨਾਲ ਲੈਸ ਸ਼ੈਲਟਰਾਂ ਵਿੱਚ ਲੋਕਾਂ ਨੂੰ ਬਿਜਲੀ, ਪਾਣੀ, ਇੰਟਰਨੈੱਟ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। -ਆਈਏਐੱਨਐੱਸ