ਨਿਜੀ ਪੱਤਰ ਪ੍ਰੇਰਕ
ਅੰਬਾਲਾ, 9 ਨਵੰਬਰ
ਟੁੰਡਲਾ ਪਿੰਡ ਵਿੱਚ ਵਿਆਹੀ ਹੋਈ ਦੋ ਬੱਚਿਆਂ ਦੀ ਮਾਂ ਪੂਨਮ ਨੇ ਥਾਣਾ ਪੰਜੋਖਰਾ ਵਿੱਚ ਸ਼ਿਕਾਇਤ ਦੇ ਕੇ ਆਪਣੇ ਪਤੀ ਅਤੇ ਸਹੁਰੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਵਿਆਹ 2004 ਵਿਚ ਟੁੰਡਲਾ ਦੇ ਸਤਪਾਲ ਉਰਫ਼ ਸੋਨੂੰ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਲੰਘੀ 5 ਨਵੰਬਰ ਨੂੰ ਸਵੇਰੇ ਤੜਕੇ 3 ਵਜੇ ਦੇ ਕਰੀਬ ਉਸ ਦਾ ਪਤੀ ਨਸ਼ੇ ਦੀ ਹਾਲਤ ਵਿਚ ਘਰ ਆਇਆ ਅਤੇ ਗਾਲ੍ਹਾਂ ਕੱਢਣ ਲੱਗਾ। ਰੌਲਾ ਸੁਣ ਕੇ ਉਸ ਦਾ ਸਹੁਰਾ ਲਾਭ ਸਿੰਘ ਵੀ ਆ ਗਿਆ। ਦੋਹਾਂ ਨੇ ਉਸ ਨਾਲ ਮਾਰ-ਕੁਟਾਈ ਸ਼ੁਰੂ ਕਰ ਦਿੱਤੀ। ਉਸ ਦਾ ਪਤੀ ਰਸੋਈ ਵਿਚੋਂ ਚਾਕੂ ਚੁੱਕ ਲਿਆਇਆ ਅਤੇ ਉਸ ਦੇ ਸਿਰ ’ਤੇ ਵਾਰ ਕੀਤਾ। ਬਚਾਅ ਵਿਚ ਚਾਕੂ ਉਸ ਦੀਆਂ ਬਾਹਵਾਂ ’ਤੇ ਲੱਗ ਗਿਆ। ਇਸ ਦੌਰਾਨ ਉਸ ਦੀ ਬੇਟੀ ਜੈਸਮੀਨ ਊਸ ਨੂੰ ਛੁਡਾਉਣ ਲਈ ਆਈ ਤਾਂ ਸਤਪਾਲ ਨੇ ਉਸ ਦੇ ਖੱਬੇ ਹੱਥ ’ਤੇ ਵੀ ਚਾਕੂ ਮਾਰ ਦਿੱਤਾ। ਸਹੁਰੇ ਨੇ ਵੀ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਊਪਰੰਤ ਸ਼ਿਕਾਇਤਕਰਤਾ ਨੇ ਕਲੇਰਾ ਪਿੰਡ ਰਹਿੰਦੇ ਆਪਣੇ ਮਾਪਿਆਂ ਨੂੰ ਫੋਨ ਕੀਤਾ, ਜਿਨ੍ਹਾਂ ਨੇ ਊੱਥੇ ਪਹੁੰਚ ਕੇ ਊਸ ਨੂੰ ਚੌੜਮਸਤਪੁਰ ਦੇ ਮੁੱਢਲੇ ਸਿਹਤ ਕੇਂਦਰ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।