ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 11 ਜੂਨ
ਆਦਮਪੁਰ ਇਲਾਕੇ ਵਿੱਚ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਅਧੀਨ ਬਣੀਆਂ ਸੜਕਾਂ ਪਿੱਛਲੇ 10 ਸਾਲਾਂ ਤੋਂ ਮੁਰੰਮਤ ਲਈ ਤਰਸ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਰੀਬ ਦਸ ਕੁ ਸਾਲ ਪਹਿਲਾਂ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਅਧੀਨ ਬਣੀ ਇਸ ਸੜਕ ਦੀ ਹਾਲਤ ਦਿਨੋਂ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਜਦੋਂ ਤੋਂ ਇਹ ਸੜਕ ਬਣਾਈ ਗਈ ਹੈ, ਉਸ ਵਕਤ ਤੋਂ ਇਸ ਦਾ ਪੈਚਵਰਕ ਵੀ ਨਹੀਂ ਕੀਤਾ ਗਿਆ। ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਅਨੇਕਾਂ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਇਸੇ ਯੋਜਨਾ ਅਧੀਨ ਬਣੀ ਆਦਮਪੁਰ-ਗੜ੍ਹਸ਼ੰਕਰ ਸੜਕ ਦੀ ਹਾਲਤ ਏਨੀ ਜ਼ਿਆਦਾ ਤਰਸਯੋਗ ਹੈ ਕਿ ਲੋਕ ਇੱਥੋਂ ਪੈਦਲ ਲੰਘਣ ਤੋਂ ਗੁਰੇਜ਼ ਕਰਦੇ ਹਨ। ਇਲਾਕੇ ਦੇ ਮੋਹਤਬਰਾਂ ਪੰਚਾਂ ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਸਿਕੰਦਰਪੁਰ ਅਲਾਵਲਪੁਰ ਦੇ ਸਮੂਹ ਅਹੁਦੇਦਾਰਾਂ ਨੇ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਨੂੰ ਪਹਿਲ ਦੇ ਆਧਾਰ ’ਤੇ ਸੁਧਾਰਿਆ ਜਾਵੇ ਅਤੇ ਇਸ ਦੀ ਨਵੇਂ ਸਿਰਿਓਂ ਮੁੜ ਉਸਾਰੀ ਕੀਤੀ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਦਾ ਸਾਹ ਸੌਖਾ ਹੋ ਸਕੇ।