ਹਰਦੇਵ ਚੌਹਾਨ
ਚੰਡੀਗੜ੍ਹ, 9 ਨਵੰਬਰ
ਸਮਾਜਿਕ ਕੁਰੀਤੀਆਂ ਖ਼ਿਲਾਫ ਆਪਣੀ ਆਵਾਜ਼ ਉਠਾਉਂਦਿਆਂ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ਕਲਮਬੱਧ ਕੀਤੀ ਗਈ ਕਿਤਾਬ ‘ਆਖ਼ਿਰ ਕਦੋਂ ਤੱਕ’ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇੱਥੇ ਸਾਹਿਤਕ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂੰ ਪ੍ਰਿਆ, ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਪ੍ਰਭਜੋਤ ਕੌਰ ਢਿੱਲੋਂ ਨੇ ਲੋਕ ਅਰਪਣ ਕੀਤੀ।
ਇਸ ਦੌਰਾਨ ਕਨੂੰ ਪ੍ਰਿਆ ਨੇ ਜਿੱਥੇ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ, ਉੱਥੇ ਹੀ ਆਵਾਮ ਨੂੰ ਅਪੀਲ ਕੀਤੀ ਕਿ ਕੁੜੀਆਂ ਦਾ ਪੜ੍ਹਨਾ, ਬੋਲਣਾ ਤੇ ਗਲਤ ਦਾ ਵਿਰੋਧ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ। ਊਨ੍ਹਾਂ ਆਖਿਆ ਕਿ ਅੱਜ ਵੀ ਔਰਤ ਨੂੰ ਭੋਗਣ ਤੇ ਮਰਦ ਦੇ ਦਬਾਅ ਹੇਠ ਵਰਤਣ ਦੀ ਵਸਤੂ ਸਮਝਿਆ ਜਾਂਦਾ ਹੈ। ਸਭਨਾਂ ਦਾ ਸਵਾਗਤ ਕਰਦਿਆਂ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਿਕਾ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ ਤੇ ਸਮਾਜਿਕ ਊਣਤਾਈਆਂ ਖ਼ਿਲਾਫ਼ ਸ਼ਮਸ਼ੀਰ ਬਣ ਕੇ ਲੜ ਰਹੀ ਨੌਜਵਾਨ ਆਗੂ ਕਨੂੰ ਪ੍ਰਿਆ ਨੂੰ ਅਸ਼ੀਰਵਾਦ ਤੇ ਹੌਸਲਾ ਦਿੱਤਾ। ਸਿਰਜਣਾ ਸਬੰਧੀ ਗੱਲ ਕਰਦਿਆਂ ਬਲਜਿੰਦਰ ਕੌਰ ਸ਼ੇਰਗਿੱਲ ਨੇ ਆਖਿਆ ਕਿ ਊਹ ਜਦੋਂ ਵੀ ਕਿਤੇ ਕੋਈ ਵਧੀਕੀ ਦੇਖਦੀ ਹਨ ਤਾਂ ਊਨ੍ਹਾਂ ਦੀ ਕਲਮ ਆਪ ਮੁਹਾਰੇ ਰਚਨਾ ਲਿਖਦੀ ਹੈ। ਇਸ ਮੌਕੇ ਪ੍ਰਭਜੋਤ ਕੌਰ ਢਿੱਲੋਂ ਤੇ ਡਾ. ਅਵਤਾਰ ਸਿੰਘ ਪਤੰਗ ਨੇ ਵੀ ਵਿਚਾਰ ਪੇਸ਼ ਕੀਤੇ। ਊਪਰੰਤ ਹੋਏ ਕਵੀ ਦਰਬਾਰ ਵਿੱਚ ਸਿਰੀਰਾਮ ਅਰਸ਼, ਗੁਰਦੀਪ ਗੁਲ, ਸੁਰਿੰਦਰ ਗਿੱਲ, ਦਰਸ਼ਨ ਤ੍ਰਿਊਣਾ, ਪੰਮੀ ਸਿੱਧੂ, ਜੈ ਸਿੰਘ ਛਿੱਬਰ, ਮਲਕੀਅਤ ਬਸਰਾ, ਬਲਕਾਰ ਸਿੱਧੂ, ਗੁਰਨਾਮ ਕੰਵਰ, ਸੁਰਜੀਤ ਸਿੰਘ ਧੀਰ, ਆਕ੍ਰਿਤੀ, ਜਸ਼ਨਦੀਪ ਕੌਰ ਤੇ ਸ਼ਰਨਜੀਤ ਕੌਰ ਨੇ ਆਪੋ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਨਾਂ ਦਾ ਧੰਨਵਾਦ ਕਰਦਿਆਂ ਗੁਰਨਾਮ ਕੰਵਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਬਹਾਲ ਕਰਨ ਅਤੇ ਯੂਨੀਵਰਸਿਟੀ ’ਤੇ ਕੇਂਦਰੀ ਕਬਜ਼ੇ ਦੀਆਂ ਸਾਜ਼ਿਸ਼ਾਂ ਦਾ ਵਿਰੋਧ ਕਰਨ ਵਾਲਾ ਮਤਾ ਪੇਸ਼ ਕੀਤਾ ਜਿਸ ਨੂੰ ਸਭਨਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਮੌਕੇ ਡਾ. ਲਾਭ ਸਿੰਘ ਖੀਵਾ, ਰਵਿੰਦਰ ਸ਼ਰਮਾ, ਕਰਨ ਭੁੱਲਰ, ਭੁਪਿੰਦਰ ਸਿੰਘ ਮਲਿਕ ਆਦਿ ਵੀ ਮੌਜੂਦ ਸਨ।