ਹਰਜੀਤ ਸਿੰਘ ਪਰਮਾਰ
ਬਟਾਲਾ, 6 ਦਸੰਬਰ
ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ ਵੱਲੋਂ ਅੱਜ ਔਰਤ ਨੂੰ ਇਨਸਾਫ਼ ਦਿਵਾਉਣ ਅਤੇ ਕੁੱਝ ਹੋਰ ਮਾਮਲਿਆਂ ਵਿੱਚ ਪੁਲੀਸ ਵਧੀਕੀਆਂ ਖ਼ਿਲਾਫ਼ ਐੱਸਐੱਸਪੀ ਬਟਾਲਾ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਸਥਾ ਦੇ ਉੱਪ ਚੇਅਰਮੈਨ ਸਤਨਾਮ ਸਿੰਘ ਉਮਰਪੁਰਾ ਨੇ ਦੱਸਿਆ ਕਿ ਅੰਗਹੀਣ ਔਰਤ ਸਰਬਜੀਤ ਕੌਰ ਵਾਸੀ ਤੇਲੀਆਂਵਾਲ ਦੇ ਲਾਲ ਲਕੀਰ ਅੰਦਰ ਸਥਿਤ ਘਰ ’ਤੇ ਥਾਣਾ ਸਿਵਲ ਲਾਈਨਜ਼ ਦੇ ਏਐੱਸਆਈ ਨੇ ਕਥਿਤ ਧੱਕੇ ਨਾਲ ਕਿਸੇ ਦਾ ਕਬਜ਼ਾ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਮਾਮਲੇ ਵਿੱਚ ਵੀ ਥਾਣਾ ਘੁਮਾਣ ਦਾ ਏਐੱਸਆਈ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਥਾਂ ਧੱਕੇਸ਼ਾਹੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਵੀ ਮਾਮਲੇ ਹਨ ਜਿਨ੍ਹਾਂ ਵਿੱਚ ਪੁਲੀਸ ਇਨਸਾਫ ਨਹੀਂ ਦੇ ਰਹੀ ਹੈ ਜਿਸ ਕਰਕੇ ਮਜਬੂਰਨ ਅੱਜ ਉਨ੍ਹਾਂ ਨੂੰ ਧਰਨਾ ਲਗਾਉਣਾ ਪਿਆ ਹੈ। ਧਰਨੇ ’ਤੇ ਬੈਠੀ ਪੀੜਤ ਸਰਬਜੀਤ ਕੌਰ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਉਸ ਦੇ ਪੇਕੇ ਪਰਿਵਾਰ ਨੇ ਉਸ ਨੂੰ ਤੇਲੀਆਂਵਾਲ ਵਿੱਚ ਮਕਾਨ ਬਣਾ ਕੇ ਦਿੱਤਾ ਸੀ। ਉਹ ਆਪਣੇ ਪਤੀ ਨਾਲ ਰਹਿ ਰਹੀ ਹੈ ਪਰ ਕੁੱਝ ਸਮਾਂ ਪਹਿਲਾਂ ਥਾਣਾ ਸਿਵਲ ਲਾਈਨਜ਼ ਦੇ ਏਐੱਸਆਈ ਨੇ ਧੱਕੇਸ਼ਾਹੀ ਨਾਲ ਉਸ ਦੇ ਘਰ ’ਤੇ ਕਿਸੇ ਦਾ ਕਬਜ਼ਾ ਕਰਵਾ ਦਿੱਤਾ ਹੈ ਤੇ ਪੁਲੀਸ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਪੁਲੀਸ ਇਨਸਾਫ਼ ਨਹੀਂ ਦਿੰਦੀ ਤਦ ਤੱਕ ਉਹ ਧਰਨੇ ’ਤੇ ਬੈਠੇ ਰਹਿਣਗੇ।
ਭਰੋਸੇ ਮਗਰੋਂ ਧਰਨਾ ਸਮਾਪਤ
ਐੱਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਜਲਦੀ ਇਨਸਾਫ ਦੇਣ ਦਾ ਭਰੋਸਾ ਮਿਲਣ ਤੋਂ ਬਅਦ ਧਰਨਾਕਾਰੀਆਂ ਨੇ ਧਰਨਾ ਖ਼ਤਮ ਕੀਤਾ। ਐੱਸਪੀ ਨੇ ਕਿਹਾ ਕਿ ਪੁਲੀਸ ਕਿਸੇ ਨਾਲ ਪੱਖਪਾਤ ਨਹੀਂ ਕਰ ਰਹੀ। ਜਾਂਚ ਅਧੀਨ ਵੱਖ-ਵੱਖ ਮਾਮਲਿਆਂ ਵਿੱਚ ਜਲਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।