ਮੁਕੇਸ਼ ਕੁਮਾਰ
ਚੰਡੀਗੜ੍ਹ, 17 ਜੁਲਾਈ
ਇੱਥੇ ਸੈਕਟਰ-43 ਵਿੱਚ ਇੱਕ ਵੱਡਾ ਦਰੱਖਤ ਡਿੱਗ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਦਰੱਖਤ ਡਿੱਗਿਆ ਤਾਂ ਮੋਹਲੇਧਾਰ ਮੀਂਹ ਪੈ ਰਿਹਾ ਸੀ। ਇਸ ਕਾਰਨ ਦਰੱਖਤ ਹੇਠ ਖੜ੍ਹੀ ਕਾਰ ਨੁਕਸਾਨੀ ਗਈ। ਕੌਂਸਲਰ ਪ੍ਰੇਮਲਤਾ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਦੀ ਜਾਣਕਾਰੀ ਹਾਸਲ ਕੀਤੀ। ਨਿਗਮ ਦੇ ਬਾਗ਼ਬਾਨੀ ਵਿਭਾਗ ਦੀ ਟੀਮ ਉੱਥੇ ਪਹੁੰਚੀ ਅਤੇ ਦਰੱਖਤ ਨੂੰ ਸੜਕ ਤੋਂ ਹਟਾਇਆ ਗਿਆ। ਕੌਂਸਲਰ ਪ੍ਰੇਮਲਤਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਮਜ਼ੋਰ ਹੋ ਚੁੱਕੇ ਦਰੱਖਤਾਂ ਦਾ ਸਰਵੇਖਣ ਕਰ ਕੇ ਜਲਦੀ ਹੀ ਕੋਈ ਹੱਲ ਕੱਢਿਆ ਜਾਵੇ। ਦੂਜੇ ਪਾਸੇ ਸੈਕਟਰ-22ਬੀ ਦੀ ਮੋਬਾਈਲ ਮਾਰਕੀਟ ਦੇ ਪਿਛਲੀ ਸੜਕ ’ਤੇ ਦਰੱਖਤ ਦਾ ਇੱਕ ਹਿੱਸਾ ਟੁੱਟ ਗਿਆ ਹੈ। ਇਸੇ ਦੌਰਾਨ ਅੱਜ ਡੱਡੂਮਾਜਰਾ ਵਿੱਚ ਵੀ ਦਰੱਖ਼ਤ ਡਿੱਗਣ ਕਾਰਨ ਕਾਰ ਦਾ ਨੁਕਸਾਨ ਹੋ ਗਿਆ ਹੈ।
ਸ਼ਹਿਰ ਦੇ ਸਾਰੇ ਵਿਰਾਸਤੀ ਰੁੱਖਾਂ ਸਣੇ ਖ਼ਤਰਨਾਕ ਅਤੇ ਕਮਜ਼ੋਰ ਹੋ ਚੁੱਕੇ ਦਰੱਖਤਾਂ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਦਰੱਖਤਾਂ ਦੀ ਛੰਗਾਈ ਵੀ ਕੀਤੀ ਜਾ ਰਹੀ ਹੈ।