ਪੱਤਰ ਪ੍ਰੇਰਕ
ਅਬੋਹਰ, 3 ਸਤੰਬਰ
ਚੌਕੀ ਕੱਲਰਖੇੜਾ ਪੁਲੀਸ ਨੇ ਪਿੰਡ ਪੰਨੀਵਾਲਾ ਮਾਹਲਾ ਦੇ ਮੌਜੂਦਾ ਸਰਪੰਚ ਦੇ ਖੇਤ ਵਿੱਚ ਜੂਆ ਖੇਡਦੇ ਹੋਏ 6 ਵਿਅਕਤੀਆਂ ਨੂੰ 54 ਹਜ਼ਾਰ ਰੁਪਏ ਦੀ ਨਗਦੀ ਸਣੇ ਕਾਬੂ ਕੀਤਾ ਹੈ। ਸਾਰਿਆਂ ਖਿਲਾਫ ਥਾਣਾ ਖੂਈਆਂ ਸਰਵਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਦੋ ਮੌਜੂਦਾ ਸਰਪੰਚ ਵੀ ਸ਼ਾਮਲ ਹਨ ਪਰ ਬਾਅਦ ਵਿੱਚ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਜਗਦੀਪ ਸਿੰਘ ਵਾਸੀ ਘਟਿਆਂਵਾਲੀ ਜੱਟਾਂ ਜ਼ਿਲ੍ਹਾ ਫਾਜ਼ਿਲਕਾ, ਗੁਰਮੀਤ ਸਿੰਘ ਵਾਸੀ ਜਗਮਾਲਵਾਲੀ ਜ਼ਿਲ੍ਹਾ ਸਿਰਸਾ, ਗੁਰਜੰਟ ਸਿੰਘ ਵਾਸੀ ਗੁਦਰਾਣਾ ਜ਼ਿਲ੍ਹਾ ਸਿਰਸਾ, ਪਿਰਥੀ ਰਾਜ , ਪੂਰਨ ਰਾਮ ਉਰਫ ਬਬਲੂ ਵਾਸੀ ਪੰਜਕੋਸੀ ਅਤੇ ਇੰਦਰਾਜ ਵਾਸੀ ਪੰਨੀਵਾਲਾ ਮਾਹਲਾ ਤਾਸ਼ ਦੇ ਪੱਤਿਆਂ ’ਤੇ ਪੈਸੇ ਪਾ ਕੇ ਜੂਆ ਖੇਡਣ ਦੇ ਆਦੀ ਹਨ। ਜੋ ਸਾਰੇ ਪੰਨੀਵਾਲਾ ਮਾਹਲਾ ਦੇ ਮੌਜੂਦਾ ਸਰਪੰਚ ਰਤਨਜੀਤ ਸਿੰਘ ਦੇ ਬਾਗ ਵਿੱਚ ਬਣੇ ਕਮਰੇ ਵਿੱਚ ਜੂਆ ਖੇਡ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਉਪਰੋਕਤ ਵਿਅਕਤੀਆਂ ਨੂੰ 54 ਹਜ਼ਾਰ ਰੁਪਏ ਦੀ ਨਗਦੀ ਸਣੇ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਦੀਪ ਸਿੰਘ ਪਿੰਡ ਘਟਿਆਂਵਾਲੀ ਜੱਟਾਂ ਤੇ ਗੁਰਮੀਤ ਸਿੰਘ ਸਿਰਸਾ ਦੇ ਜਗਮਾਲਵਾਲੀ ਦੇ ਸਰਪੰਚ ਹਨ।