ਜੋਗਿੰਦਰ ਸਿੰਘ ਮਾਨ
ਮਾਨਸਾ, 4 ਜਨਵਰੀ
ਪੰਜਾਬੀ ਗਾਇਕ ਤੋਂ ਕਾਂਗਰਸੀ ਆਗੂ ਬਣੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਰਾਜਨੀਤੀ ਵਿਚਲੇ ਗੰਧਲੇਪਣ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਨੂੰ ਇਸ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਕਾਰਨ ਨੌਜਵਾਨਾਂ ਦਾ ਦਿਨੋਂ-ਦਿਨ ਰਾਜਨੀਤੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ।
ਉਹ ਇੱਥੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਜ਼ਿਲ੍ਹਾ ਯੁਵਾ ਸੰਮੇਲਨ ਅਤੇ ਯੂਥ ਕਲੱਬਾਂ ਨੂੰ ਸਪੋਰਟਸ ਕਿੱਟਾਂ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਦਾ ਕਿਤਾਬਚਾ ਵੀ ਜਾਰੀ ਕੀਤਾ।
ਜ਼ਿਲ੍ਹਾ ਯੁਵਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਤੇ ਪ੍ਰੋਗਰਾਮ ਸੁਪਰਵਾਈਜ਼ਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ 20 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ ਵਾਲੀਬਾਲ, ਫੁੱਟਬਾਲ ਅਤੇ ਬੈਡਮਿੰਟਨ ਦਾ ਸਾਮਾਨ ਸ਼ਾਮਲ ਕੀਤਾ ਗਿਆ ਹੈ। ਸਹਾਇਕ ਡਾਰਿਕੇਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡ ਕਿੱਟ ਲਈ 15 ਹਜ਼ਾਰ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਮੌਕੇ ਸਿਲਾਈ ਸੈਂਟਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਹੱਥੀਂ ਤਿਆਰ ਕੀਤੀਆਂ ਵਸਤਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਪੱਖੀ ਬਣਾਉਣ ਦੇ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਅਤੇ ਗੁਰਮੀਤ ਕੌਰ ਰੜ ਨੂੰ ਸਾਂਝੇ ਤੌਰ ’ਤੇ ਪਹਿਲਾ, ਅਮਨਦੀਪ ਕੌਰ ਦੂਜੇ ਅਤੇ ਮਵਨੇ ਕੌਰ ਤੀਜੇ ਸਥਾਨ ’ਤੇ ਰਹੀ। ਕਢਾਈ ਮੁਕਾਬਲੇ ਵਿੱਚ ਸੁਖਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਗੇਹਲੇ ਨੇ ਦੂਸਰਾ ਅਤੇ ਬਲਵੀਰ ਕੌਰ ਭਾਈਦੇਸਾ ਨੇ ਤੀਸਰਾ ਸਥਾਨ ਹਾਸਲ ਕੀਤਾ। ਦਰੀਆਂ ਦੀ ਬੁਣਾਈ ਵਿੱਚ ਸੁਖਦੀਪ ਕੌਰ ਭਾਈਦੇਸਾ ਨੇ ਪਹਿਲਾ ਕਰਮਜੀਤ ਕੌਰ ਗੇਹਲੇ ਨੇ ਦੂਸਰਾ ਅਤੇ ਰਾਜਦੀਪ ਕੌਰ ਰੜ੍ਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹਰਦੀਪ ਸਿੰਘ ਸਿੱਧੂ, ਬਲਵੰਤ ਭੀਖੀ, ਹਰਿੰਦਰ ਸਿੰਘ ਮਾਨਸ਼ਾਹੀਆ, ਜਗਦੀਪ ਸਿੰਘ, ਰਜਿੰਦਰ ਵਰਮਾ, ਕੇਵਲ ਸਿੰਘ, ਮਨਜਿੰਦਰ ਸਿੰਘ ਅਤੇ ਸਰਭੀ ਭਾਈਦੇਸਾ, ਅਕਬਰ ਸਿੰਘ ਬੱਪੀਆਣਾ ਨੇ ਵੀ ਸੰਬੋਧਨ ਕੀਤਾ।