ਜਸਦੇਵ ਸਿੰਘ ਲਲਤੋਂ
ਗੁਰਮੁਖ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ ਵਿਚ ਹੁਸ਼ਨਾਕ ਸਿੰਘ ਦੇ ਘਰ 3 ਦਸੰਬਰ 1892 ਨੂੰ ਹੋਇਆ। ਮੁਢਲੀ ਪੜ੍ਹਾਈ ਪਿੰਡ ’ਚ ਕਰਨ ਮਗਰੋਂ ਉਨ੍ਹਾਂ ਮਿਸ਼ਨ ਸਕੂਲ ਲੁਧਿਆਣਾ ’ਚੋਂ ਮੈਟਰਿਕ ਪਾਸ ਕੀਤੀ। ਰੋਜ਼-ਰੋਟੀ ਲਈ 4 ਅਪਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਕੇ ਉਹ 23 ਮਈ 1914 ਨੂੰ ਕੌਮਾਗਾਟਾਮਾਰੂ ਜਹਾਜ਼ ਰਾਹੀਂ ਵੈਨਕੂਵਰ (ਕੈਨੇਡਾ) ਨੇੜੇ ਪਹੁੰਚੇ। ਬਰਤਾਨਵੀ ਤੇ ਕੈਨੇਡਾ ਸਰਕਾਰਾਂ ਨੇ ਜਹਾਜ਼ ਨੂੰ ਬੰਦਰਗਾਹ ’ਤੇ ਨਾ ਲੱਗਣ ਦਿੱਤਾ। ‘ਸੀ-ਲਾਈਨ’ ਨਾਂ ਦੇ ਟਗ ਜਹਾਜ਼ ਰਾਹੀਂ ਸਾਮਰਾਜੀ ਪੁਲੀਸ ਨੇ ਮੁਸਾਫਰਾਂ ’ਤੇ ਹੱਲਾ ਬੋਲ ਦਿੱਤਾ, ਜਿਸ ਦਾ ਮੁਸਾਫਰਾਂ ਨੇ ਟਾਕਰਾ ਕੀਤਾ। ਜ਼ਿੰਦਗੀ-ਮੌਤ ਦੀ ਇਸ ਲੜਾਈ ’ਚ ਗੁਰਮੁਖ ਸਿੰਘ ਉਭਰ ਕੇ ਸਾਹਮਣੇ ਆਏ ਅਤੇ ਗ਼ਦਰ ਪਾਰਟੀ ਦੇ ਨਾਮਵਰ ਯੋਧੇ ਬਣ ਗਏ। ਕੌਮਾਗਾਟਾਮਾਰੂ ਦੀ ਇਸ ਮਿਸਾਲੀ ਲੜਾਈ ਅਤੇ ਕੈਨੇਡਾ ਵਸਦੀ ਭਾਰਤੀ ਜਨਤਾ ਦੇ ਹੱਕੀ ਸੰਘਰਸ਼ ਦੇ ਸਿੱਟੇ ਵਜੋਂ ਮੁਸਾਫਰਾਂ ਨੂੰ ਰਾਸ਼ਨ-ਪਾਣੀ ਦੇਣ ਦੀ ਆਗਿਆ ਮਿਲੀ। ਜਹਾਜ਼ ਵਾਪਸ ਹੋ ਕੇ ਬਜਬਜ ਘਾਟ, ਕਲਕੱਤਾ ਆ ਲੱਗਿਆ। ਅੰਗਰੇਜ਼ੀ ਹਕੂਮਤ ਨੇ 29 ਸਤੰਬਰ ਨੂੰ ਗੋਲੀਆਂ ਮਾਰ ਕੇ 19 ਯਾਤਰੀ ਸ਼ਹੀਦ ਅਤੇ 23 ਗੰਭੀਰ ਫੱਟੜ ਕਰ ਦਿੱਤੇ। ਗੁਰਮੁਖ ਸਿੰਘ ਸਮੇਤ ਅਨੇਕਾਂ ਜੁਝਾਰੂ ਅਲੀਪੁਰ ਜੇਲ੍ਹ ’ਚ ਡੱਕ ਦਿੱਤੇ ਗਏ ਤੇ ਪਿੱਛੋਂ ਪਿੰਡਾਂ ’ਚ ਜੂਹਬੰਦੀ ਕਰ ਦਿੱਤੀ ਗਈ। ਜੇਲ੍ਹੋਂ ਬਾਹਰ ਆਇਆਂ ’ਤੇ ਇੱਕ ਰਾਤ ਕਰਤਾਰ ਸਿੰਘ ਸਰਾਭਾ ਗੁਰਮੁਖ ਸਿੰਘ ਨੂੰ ਮਿਲੇ। ਅਗਲੇ ਦਿਨ ਹੀ ਉਹ ਗ਼ਦਰ ਪਾਰਟੀ ਦੀਆਂ ਮੋਹਰੀ ਸਫਾਂ ’ਚ ਹੋ ਕੇ ਬਰਤਾਨਵੀ ਰਾਜ ਦਾ ਤਖਤਾ ਪਲਟਣ ਲਈ ਹਥਿਆਰਬੰਦ ਗ਼ਦਰ ਦੀ ਤਿਆਰੀ ’ਚ ਜੁਟ ਗਏ ਅਤੇ ਜੇਹਲਮ/ਬੰਨੂ ਕੋਹਾਟ ਦੀਆਂ ਫੌਜੀ ਛਾਉਣੀਆਂ ’ਚ ਦੇਸੀ ਫੌਜੀਆਂ ਨੂੰ ਗਦਰ ਲਈ ਤਿਆਰ ਕੀਤਾ।
1915 ’ਚ ਉਨ੍ਹਾਂ ਨੂੰ ਲਾਹੌਰ ਤੋਂ ਭਾਈ ਪਰਮਾਨੰਦ ਝਾਂਸੀ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਕਾਲੇ ਪਾਣੀ ਦੀ ਉਮਰ ਕੈਦ ਹੋਈ, ਘਰ-ਬਾਰ ਤੇ ਜ਼ਮੀਨ ਜ਼ਬਤ ਕਰ ਲਈ ਗਈ ਅਤੇ ਅੰਡੇਮਾਨ ਭੇਜ ਦਿੱਤਾ ਗਿਆ। 1922 ’ਚ ਜੇਲ੍ਹ ਬਦਲੀ ਮੌਕੇ ਉਨ੍ਹਾਂ ਨੇ ਤਰਿਚਨਾਪਲੀ (ਮਦਰਾਸ) ਨੇੜੇ ਚੱਲਦੀ ਰੇਲ ਗੱਡੀ ’ਚੋਂ ਸਣੇ ਬੇੜੀਆਂ ਛਾਲਾਂ ਮਾਰ ਦਿੱਤੀਆਂ। ਮਗਰੋਂ ਬੇੜੀਆਂ ਦੇ ਸੰਗਲ ਕਟਵਾ ਕੇ, ਫੁਰਤੀ ਨਾਲ ਗੁਪਤਵਾਸ ਹੋ ਕੇ ਅਫ਼ਗਾਨਿਸਤਾਨ ਜਾ ਪੁੱਜੇ ਅਤੇ ਅੰਗਰੇਜ਼ ਸਰਕਾਰ ਵਿਰੁੱਧ ਗ਼ਦਰ ਦੇ ਨਵੇਂ ਪੜਾਅ ਦੀ ਤਿਆਰੀ ਲਈ ਡਟ ਗਏ।
ਰੂਸ ’ਚ ਅਕਤੂਬਰ 1917 ਦੇ ਇਨਕਲਾਬ ਦੇ ਸਾਰੀ ਦੁਨੀਆਂ ’ਤੇ ਪਏ ਡੂੰਘੇ ਪ੍ਰਭਾਵ ਅਧੀਨ ਉਨ੍ਹਾਂ ਨੇ ਕਮਿਊਨਿਸਟ ਵਿਚਾਰਧਾਰਾ ਅਪਣਾ ਲਈ। ਸਾਲਾਂ ਬੱਧੀ ਗ਼ਦਰ ਪਾਰਟੀ ਦੇ ਕਾਬਲ ਕੇਂਦਰ ਦੀ ਅਗਵਾਈ ਕੀਤੀ ਅਤੇ ਗੁਪਤ ਰੂਪ ’ਚ ਭਾਰਤ ਆਉਣਾ-ਜਾਣਾ ਜਾਰੀ ਰੱਖਿਆ ਤਾਂ ਜੋ ਅਕਾਲੀ ਲਹਿਰ, ਬਬਰ ਅਕਾਲੀ ਲਹਿਰ, ਨੌਜਵਾਨ ਭਾਰਤ ਸਭਾ ਤੇ ਹੋਰ ਸੰਸਥਾਵਾਂ ਦੀਆਂ ਸਰਗਰਮੀਆਂ ਨੂੰ ਦੇਸ਼ ਵਿਚ ਮੁੜ ਹਥਿਆਰਬੰਦ ਗਦਰ ਦੀ ਦਿਸ਼ਾ ’ਚ ਸੇਧਤ ਕੀਤਾ ਜਾ ਸਕੇ। ‘ਅਨੂਪ ਸਿੰਘ’ ਦੇ ਨਾਂ ਹੇਠ ਅਫਗਾਨੀ ਪਾਸਪੋਰਟ ਨਾਲ ਵੱਖ-ਵੱਖ ਮੁਲਕਾਂ ’ਚ ਜਾ ਕੇ ਦੇਸ਼ ਦੀ ਆਜ਼ਾਦੀ ਤੇ ਕੌਮੀ ਜਮਹੂਰੀ ਰਾਜ ਪ੍ਰਬੰਧ ਦੀ ਸਿਰਜਣਾ ਲਈ ਸੰਘਰਸ਼ ਜਾਰੀ ਰੱਖਿਆ। ਕਈ ਵਾਰੀ ਰੂਸ ਪੁੱਜ ਕੇ ਕਮਿਊਨਿਸਟ ਵਿੱਦਿਆ ਤੇ ਸਿਖਲਾਈ ਹਾਸਲ ਕੀਤੀ। 1928 ’ਚ ਅਮਰੀਕਾ ਜਾ ਕੇ ਗ਼ਦਰ ਪਾਰਟੀ ਦੀ ਜਥੇਬੰਦੀ ਦਾ ਕਾਰਜ ਮੁੜ ਅੱਗੇ ਤੋਰਿਆ। ਇਸੇ ਤਰ੍ਹਾਂ 1929 ’ਚ ਮੁੜ ਕਾਬਲ ਆ ਕੇ ਇਨਕਲਾਬੀ ਕੰਮ ਦੀ ਵਾਗਡੋਰ ਸਾਂਭੀ।
1935 ’ਚ ਉਹ ਪੰਜਾਬ ਪਰੋਵਿੰਸ਼ੀਅਲ ਸੂਬਾ ਕਮੇਟੀ ਆਫ ਕਮਿਊਨਿਸਟ ਪਾਰਟੀ ਇੰਡੀਆ ਦੇ ਸਕੱਤਰ ਚੁਣੇ ਗਏ। ਉਨ੍ਹਾਂ ਲਾਹੌਰ ਵਿਚ ਗੁਪਤ ਹੈੱਡਕੁਆਟਰ ਕਾਇਮ ਕਰ ਕੇ ‘ਕੇਸ਼ੋਰਾਮ’ ਦੇ ਨਾਂ ਹੇੇਠ ਕੰਮ ਕਰਦਿਆਂ ਕਿਰਤੀ ਪਾਰਟੀ ਦੀ ਅਗਵਾਈ ਜਾਰੀ ਰੱਖੀ। ਉਹ ਪਾਰਟੀ ਦੇ ਦੋ ਪਰਚਿਆਂ ‘ਕਿਰਤੀ’ ਤੇ ‘ਲਾਲ ਢੰਡੋਰਾ’ ਦੇ ਇੰਚਾਰਜ ਰਹੇ। 1936 ’ਚ ਲਾਹੌਰ ਤੋਂ ਮੁੜ ਫੜੇ ਗਏ। ਦੁਬਾਰਾ ਕਾਲੇ ਪਾਣੀ ਭੇਜਿਆ ਗਿਆ। 1946 ਤੱਕ ਵੱਖ-ਵੱਖ ਜੇਲ੍ਹਾਂ ’ਚ ਰਹਿ ਕੇ ਬਾਮੁਸ਼ੱਕਤ ਕੈਦਾਂ ਕੱਟੀਆਂ ਅਤੇ ਅਨੇਕਾਂ ਭੁੱਖ ਹੜਤਾਲਾਂ ਸਮੇਤ ਜੇਲ੍ਹ-ਘੋਲਾਂ ਦੀ ਰਹਿਨੁਮਾਈ ਕੀਤੀ।
1947 ’ਚ ਅੰਗਰੇਜ਼ਾਂ ਨੂੰ ਭਾਰਤ ’ਚੋਂ ਨਿਕਲਣਾ ਪਿਆ। ਬਾਬਾ ਗੁਰਮੁਖ ਸਿੰਘ ਨੇ 1948 ਤੋਂ 1952 ਤੱਕ ਗੁਪਤਵਾਸ ਰਹਿ ਕੇ ਸਾਮਰਾਜੀ-ਜਗੀਰੂ ਪ੍ਰਬੰਧ ਨੂੰ ਬਦਲ ਕੇ ਨਵਾਂ ਲੋਕਰਾਜੀ ਪ੍ਰਬੰਧ ਕਾਇਮ ਕਰਨ ਲਈ ਖਾੜਕੂ ਕਿਸਾਨ ਲਹਿਰ ਦੀ ਅਗਵਾਈ ’ਚ ਅਹਿਮ ਰੋਲ ਨਿਭਾਇਆ। 1959 ’ਚ ਉਨ੍ਹਾਂ ਦੀ ਕਮਾਂਡ ਹੇਠ ਪੰਜਾਬ ਕਿਸਾਨ ਸਭਾ ਨੇ ਖੁਸ਼ਹੈਸੀਅਤੀ ਟੈਕਸ ਵਿਰੁੱਧ ਇਤਿਹਾਸਕ ਜੇਤੂ ਮੋਰਚਾ ਲਾਇਆ। 1962 ਦੀ ਹਿੰਦ-ਚੀਨ ਜੰਗ ਵੇਲੇ ਉਨ੍ਹਾਂ ਨੂੰ ਮੁੜ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਬਣਾਉਣ ਲਈ ਉਨ੍ਹਾਂ ਨੇ ਬਿਰਧ ਅਵਸਥਾ ਦੇ ਬਾਵਜੂਦ ਦੇਸ਼-ਪ੍ਰਦੇਸ਼ ’ਚੋਂ ਭਾਰੀ ਸਹਾਇਤਾ ਹਾਸਲ ਕਰਵਾਈ ਤੇ ਉਸਾਰੀ ਕਰਵਾਈ। ਚੜ੍ਹਦੀ ਜਵਾਨੀ ਵੇਲੇ ਤੋਂ ਲੈ ਕੇ ਅੰਤਮ ਸਾਹਾਂ ਤੱਕ ਉਨ੍ਹਾਂ ਦੀ ਜ਼ਿੰਦਗੀ ਦਾ ਪਲ ਪਲ ਜਮਹੂਰੀ ਇਨਕਲਾਬ ਰਾਹੀਂ ਨਵਾਂ ਨਰੋਆ ਲੋਕ ਜਮਹੂਰੀ ਤੇ ਸਮਾਜਵਾਦੀ ਰਾਜ ਪ੍ਰਬੰਧ ਉਸਾਰਨ ਦੇ ਮਹਾਨ ਕਾਜ ਨੂੰ ਸਮਰਪਿਤ ਸੀ। 13 ਮਾਰਚ 1977 ਨੂੰ ਉਹ ਸਦੀਵੀ ਅਲਵਿਦਾ ਕਹਿ ਗਏ। ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਇਸ ਵਾਰ ਦੇਸ਼ ਭਗਤ ਮੇਲਾ 2 ਮਾਰਚ ਨੂੰ ਲਲਤੋਂ ਖੁਰਦ (ਜ਼ਿਲ੍ਹਾ ਲੁਧਿਆਣਾ) ਦੇ ਸਕੂਲ ਵਿਚ ਲਗਾਇਆ ਜਾ ਰਿਹਾ ਹੈ।
ਸੰਪਰਕ: 96464-02470