ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਗੁਰਦੇਵ ਨਗਰ ਦੀ ਕੋਠੀ ਨੰਬਰ 100 ’ਚ ਰਹਿਣ ਵਾਲੇ ਹੌਜ਼ਰੀ ਵਪਾਰੀ ਸੰਦੀਪ ਘਈ ਦੇ ਮਾਤਾ ਪਿਤਾ ਨੂੰ ਬੰਧਕ ਬਣਾ ਕੇ ਦੋ ਮਹੀਨੇ ਪਹਿਲਾਂ ਰੱਖੇ ਨੌਕਰ ਨੇ ਲੱਖਾਂ ਰੁਪਏ ਉਡਾ ਲਏ। ਉਸ ਤੋਂ ਪਹਿਲਾਂ ਮੁਲਜ਼ਮ ਨੇ ਘਰ ਦੇ ਬਾਹਰ ਸੁਰੱਖਿਆ ਗਾਰਡ ਲਈ ਬਣਾਏ ਗਏ ਕਮਰੇ ਵਿਚ ’ਚ ਬੈਠੇ ਸੁਰੱਖਿਆ ਮੁਲਾਜ਼ਮ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਦੂਸਰੇ ਮਨੀਸ਼ ਨਾਮ ਦੇ ਨੌਕਰ ਦੇ ਸਿਰ ’ਤੇ ਸੱਟ ਮਾਰ ਦਿੱਤੀ।
ਮੁਲਜ਼ਮ ਆਪਣੇ ਸਾਥੀਆਂ ਸਮੇਤ ਘਰ ’ਚੋਂ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਸੰਦੀਪ ਘਈ ਪਰਿਵਾਰ ਸਮੇਤ ਘਰ ਵਾਪਸ ਆਇਆ। ਇਸ ਮੌਕੇ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਭਾਗੀਰਥ ਮੀਨਾ, ਏਡੀਸੀਪੀ ਸਮੀਰ ਵਰਮਾ, ਏਸੀਪੀ ਹਰਪਾਲ ਸਿੰਘ ਗਰੇਵਾਲ, ਫਿੰਗਰ ਪ੍ਰਿੰਟ ਮਾਹਿਰ ਨਾਲ ਨਾਲ ਹੋਰ ਵਿਭਾਗ ਵੀ ਮੌਕੇ ’ਤੇ ਪੁੱਜੇ। ਜਾਂਚ ਤੋਂ ਬਾਅਦ ਸੰਦੀਪ ਘਈ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 5 ਦੀ ਪੁਲੀਸ ਨੇ ਖੇਮ ਬਹਾਦਰ ਤੇ ਉਸ ਦੇ ਸਾਥੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫੋਕਲ ਪੁਆਇੰਟ ’ਚ ਹੌਜ਼ਰੀ ਫੈਕਟਰੀ ਦੇ ਮਾਲਕ ਸੰਦੀਪ ਘਈ ਦੀ ਗੁਰਦੇਵ ਨਗਰ ’ਚ ਕੋਠੀ ਹੈ। ਘਰੇਲੂ ਕੰਮਕਾਜ ਦੇ ਲਈ ਉਸ ਨੇ ਖੇਮ ਬਹਾਦਰ ਨੂੰ ਕੰਮ ’ਤੇ ਰੱਖਿਆ ਹੋਇਆ ਸੀ। ਉਸ ਦੀ ਮਦਦ ਲਈ 11 ਸਾਲ ਦੇ ਮਨੀਸ਼ ਨਾਮ ਦੇ ਨੌਕਰ ਨੂੰ ਰੱਖਿਆ ਸੀ। ਘਰ ਦੇ ਬਾਹਰ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਰਹਿੰਦਾ ਹੈ। ਬੁੱਧਵਾਰ ਦੀ ਰਾਤ ਨੂੰ ਸੰਦੀਪ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਗਿਆ ਸੀ। ਪਿੱਛੋਂ ਘਰ ’ਚ ਬਜ਼ੁਰਗ ਮਾਤਾ ਪਿਤਾ ਤੇ ਨੌਕਰ ਸਨ। ਸੰਦੀਪ ਨੇ ਦੱਸਿਆ ਕਿ ਜਦੋਂ ਦੇਰ ਰਾਤ ਉਸ ਨੇ ਦਰਵਾਜ਼ਾ ਖੜਕਾਇਆ, ਤਾਂ ਕਿਸੇ ਦਰਵਾਜ਼ਾ ਨਾ ਖੋਲ੍ਹਿਆ। ਜਦੋਂ ਉਸ ਨੇ ਖ਼ੁਦ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਸੁਰੱਖਿਆ ਕਰਮੀ ਬੇਹੋਸ਼ ਸੀ ਤੇ ਮਨੀਸ਼ ਜ਼ਖਮੀ ਸੀ। ਉਸ ਦੇ ਬਜ਼ੁਰਗ ਮਾਤਾ ਪਿਤਾ ਬੰਧਕ ਬਣੇ ਹੋਏ ਸਨ। ਖੇਮ ਬਹਾਦਰ ਨੂੰ ਆਵਾਜ਼ ਮਾਰੀ ਤਾਂ ਮਾਤਾ ਪਿਤਾ ਨੇ ਦੱਸਿਆ ਕਿ ਉਹੀ ਬੰਧੀ ਬਣਾ ਕੇ ਗਿਆ ਹੈ ਤੇ ਕਾਫ਼ੀ ਸਾਮਾਨ ਲੁੱਟ ਕੇ ਲੈ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਮਨੀਸ਼ ਤੇ ਸੁਰੱਖਿਆ ਕਰਮੀ ਨੂੰ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ। ਜਿੱਥੇ ਦੋਹਾਂ ਦੀ ਹਾਲਾਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਏਸੀਪੀ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਸੰਦੀਪ ਘਈ ਦੇ ਕੋਲ ਇੱਕ ਕਾਫ਼ੀ ਪੁਰਾਣਾ ਨੌਕਰ ਕੰਮ ਕਰਦਾ ਸੀ। ਲੌਕਡਾਊਨ ’ਚ ਉਹ ਘਰ ਚਲਾ ਗਿਆ ਤੇ ਉਸ ਨੇ ਦੋ ਮਹੀਨੇ ਪਹਿਲਾ ਖੇਮ ਬਹਾਦਰ ਨੂੰ ਕੰਮ ’ਤੇ ਰਖਵਾਇਆ ਸੀ। ਏਸੀਪੀ ਹਰਪਾਲ ਨੇ ਦੱਸਿਆ ਕਿ ਘਰ ਵਾਲਿਆਂ ਦੇ ਵੱਲੋਂ ਖੇਮ ਬਹਾਦਰ ਦੀ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ, ਜਿਸ ਕਾਰਨ ਉਸਦਾ ਕੋਈ ਵੀ ਪਰੂਫ਼ ਉਨ੍ਹਾਂ ਕੋਲ ਨਹੀਂ ਹੈ। ਉਸ ਦੇ ਬਾਰੇ ’ਚ ਜਾਣਕਾਰੀ ਜ਼ਰੂਰੀ ਮਿਲੀ ਹੈ ਕਿ ਉਹ ਨੇਪਾਲ ਦਾ ਹੈ।