ਸ਼ਾਹਜਹਾਂਪੁਰ, 23 ਅਗਸਤ
‘ਕਾਬੁਲ ਹਵਾਈ ਅੱਡੇ ’ਤੇ ਜਦੋਂ ਤਾਲਿਬਾਨ ਬੰਦੂਕਧਾਰੀਆਂ ਨੇ ਸਾਨੂੰ ਪੰਜ ਘੰਟਿਆਂ ਤੱਕ ਖੁੱਲ੍ਹੀ ਥਾਂ ’ਤੇ ਬਿਠਾਈ ਰੱਖਿਆ ਤਾਂ ਖੌਫ਼ਨਾਕ ਮੰਜ਼ਰ ਸੀ। ਸਾਰੇ ਇਹੋ ਸੋਚ ਰਹੇ ਸਨ ਕਿ ਹੁਣੇ ਤਾਲਿਬਾਨ ਸਾਨੂੰ ਜਾਨੋਂ ਮਾਰ ਦੇਣਗੇ।’ ਭਾਰਤ ਪੁੱਜਣ ਮਗਰੋਂ ਅਫ਼ਗਾਨਿਸਤਾਨ ’ਚ ਕੰਸਲਟੈਂਸੀ ਕੰਪਨੀ ’ਚ ਕੰਮ ਕਰਦੇ ਜੀਤ ਬਹਾਦਰ ਥਾਪਾ ਨੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੱਡਬੀਤੀ ਸੁਣਾਈ। ਕੰਪਨੀ ’ਚ ਕੰਮ ਕਰਦੇ 118 ਭਾਰਤੀ ਪੈਦਲ ਹੀ ਡੈਨਮਾਰਕ ਅੰਬੈਸੀ ਵੱਲ ਤੁਰ ਪਏ ਸਨ, ਜੋ 30 ਕਿਲੋਮੀਟਰ ਦੂਰ ਸੀ, ਤਾਂ ਜੋ ਭਾਰਤ ਜਾਣ ਲਈ ਸੁਰੱਖਿਅਤ ਰਾਹ ਮਿਲ ਸਕੇ। ਥਾਪਾ ਨੇ ਕਿਹਾ,‘‘ਸਾਨੂੰ ਤਾਲਿਬਾਨ ਦਾ ਡਰ ਸੀ। ਕੁਝ ਡਕੈਤਾਂ ਨੇ ਸਾਨੂੰ ਰਾਹ ’ਚ ਲੁੱਟ ਲਿਆ। ਸਾਡੇ ਤੋਂ ਕਰੀਬ ਇਕ ਲੱਖ ਰੁਪਏ ਅਤੇ ਹੋਰ ਸਾਮਾਨ ਖੋਹ ਲਿਆ। ਅਸੀਂ ਜਿਵੇਂ ਹੀ ਸਫ਼ਾਰਤਖਾਨੇ ਦੇ ਨੇੜੇ ਪੁੱਜੇ ਤਾ ਕੁਝ ਤਾਲਿਬਾਨ ਮੈਂਬਰ ਸਾਡੇ ਕੋਲ ਆ ਕੇ ਪੁੱਛਣ ਲੱਗੇ ਕਿ ਕੀ ਅਸੀਂ ਹਿੰਦੂ ਹਾਂ। ਅਸੀਂ ਜਦੋਂ ਆਪਣੀ ਪਛਾਣ ਭਾਰਤੀ ਨਾਗਰਿਕ ਵਜੋਂ ਦੱਸੀ ਤਾਂ ਉਨ੍ਹਾਂ ਸਾਨੂੰ ਛੱਡ ਦਿੱਤਾ।’’ ਉਸ ਨੇ ਦੱਸਿਆ ਕਿ ਭਾਰਤੀਆਂ ਨਾਲ ਹੋਈ ਲੁੱਟ ਬਾਰੇ ਜਦੋਂ ਤਾਲਿਬਾਨ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਥਾਨਕ ਅਪਰਾਧੀ ਹੋਣਗੇ ਕਿਉਂਕਿ ਤਾਲਿਬਾਨ ਅਜਿਹੀਆਂ ਹਰਕਤਾਂ ਨਹੀਂ ਕਰਦਾ ਹੈ। ‘ਹਨੇਰੇ ’ਚ ਬਹੁਤ ਦੇਰ ਤੱਕ ਚੱਲਣ ਕਰਕੇ ਸਾਡੇ ’ਚੋਂ ਕਈ ਲੋਕ ਜ਼ਖ਼ਮੀ ਹੋ ਗਏ ਸਨ।’ ਥਾਪਾ ਨੇ ਕਿਹਾ ਕਿ ਉਹ 18 ਅਗਸਤ ਨੂੰ ਕਾਬੁਲ ’ਚ ਹਵਾਈ ਅੱਡੇ ਕੋਲ ਪਹੁੰਚੇ ਜਿਥੇ ਪਹਿਲਾਂ ਹੀ ਲੱਖਾਂ ਲੋਕ ਮੁਲਕ ’ਚੋਂ ਨਿਕਲਣ ਦੀ ਕੋਸ਼ਿਸ਼ ’ਚ ਉਥੇ ਜੁੜੇ ਹੋਏ ਸਨ। -ਪੀਟੀਆਈ