ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੋਰ ਵਿੱਚ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲੇਖ ਰਚਨਾ, ਭਾਸ਼ਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਸੈਮੀਨਾਰ ਦੇ ਬੁਲਾਰੇ ਸਹਾਇਕ ਪ੍ਰੋਫੈਸਰ ਡਾ. ਹਰਦੀਪ ਸਿੰਘ ਭੀਖੀ, ਡਾ. ਰਚਨਾ ਸਿੰਗਲਾ ਅਤੇ ਡਾ. ਗੁਰਨਾਜ਼ ਸਿੰਘ ਗਿੱਲ ਨੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਨਾਜ਼ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਵਾਤਾਵਰਨ ਬਚਾਉਣ ਲਈ ਖੇਤੀਬਾੜੀ ਦੇ ਢੰਗਾਂ ਵਿੱਚ ਤਬਦੀਲੀ ਲਿਆਉਣ ਲਈ ਪ੍ਰੇਰਿਤ ਕੀਤਾ। ਡਾ. ਹਰਦੀਪ ਸਿੰਘ ਭੀਖੀ ਨੇ ਮਧੂ-ਮੱਖੀ ਪਾਲਣ ਦੇ ਕਿੱਤੇ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਹਿਦ ਦੇ ਗੁਣਾਂ ਬਾਰੇ ਦੱਸਿਆ। ਡਾ. ਰਚਨਾ ਸਿੰਗਲਾ ਨੇ ਝੋਨੇ ਦੀ ਪਰਾਲੀ ਦੀ ਖੁੰਭਾ ਦੀ ਕਾਸ਼ਤ ਵਿੱਚ ਵਰਤੋਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਪ੍ਰਿੰਸੀਪਲ ਜਸਪਾਲ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕੇਵੀਕੇ ਵੱਲੋਂ ਇਨਾਮ ਵੀ ਵੰਡੇ ਗਏ।