ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜਨਵਰੀ
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਵਿਚਾਲੇ ਕਾਫੀ ਹੰਗਾਮਾ ਹੋਇਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਸਰਕਾਰ ਦੀਆਂ ਕੋਵਿਡ ਮਹਾਮਾਰੀ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦੀਆਂ ਤਾਕਤਾਂ ਖੋਹੀਆਂ ਜਾ ਰਹੀਆਂ ਹਨ। ਇਸੇ ਦੌਰਾਨ ਬਦਰਪੁਰ ਵਿਧਾਨ ਸਭਾ ਹਲਕੇ ਦਾ ਨਾਂ ਬਦਲਣ ਤੇ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਦਾ ਨਾਂ ਬਦਲਣ ਦੇ ਮੁੱਦੇ ਵੀ ਉਠਾਏ ਗਏ।
ਭਾਜਪਾ ਵਿਧਾਇਕ ਵਜਿੰਦਰ ਗੁਪਤਾ ਦੇ ਸਵਾਲ ’ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਡਿਊਟੀ ਦੌਰਾਨ ਮਰਨ ਵਾਲੇ ਹਰ ਕਰਮਚਾਰੀ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਸਮਰਥਨ ’ਚ ਹੈ ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੇ ਉਪ ਰਾਜਪਾਲ ਨੇ ਸਾਡੇ ਤੋਂ ਇਹ ਅਧਿਕਾਰ ਖੋਹ ਲਿਆ ਹੈ। ਗੁਪਤਾ ਨੇ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਮੌਤ ਹੋਣ ’ਤੇ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦਾ ਮੁੱਦਾ ਉਠਾਇਆ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਵਜਿੰਦਰ ਗੁਪਤਾ ਗਲਤ ਬਿਆਨ ਦੇ ਰਹੇ ਹਨ। ਇਸ ਦੌਰਾਨ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵੱਲੋਂ ਸਦਨ ਵਿੱਚ ਹੰਗਾਮਾ ਹੋਇਆ। ਦੋਨਾਂ ਧਿਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਵਿਧਾਇਕਾਂ ਦੇ ਸਵਾਲਾਂ ਦੇ ਜਵਾਬ ਨਾ ਦਿੱਤੇ ਜਾਣ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉੱਠਿਆ।
ਵਿਧਾਨ ਸਭਾ ਦੇ ਸਪੀਕਰ ਨੇ ਅਜਿਹੇ ਮਾਮਲਿਆਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੇ ਹੁਕਮ ਦਿੱਤੇ। ਮਨੀਸ਼ ਸਿਸੋਦੀਆ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ। ਦਿੱਲੀ ਤੋਂ ਭਾਜਪਾ ਵਿਧਾਇਕ ਅਜੈ ਮਹਾਵਰ ਨੇ ਮੰਗ ਕੀਤੀ ਕਿ ਬਾਬਰਪੁਰ ਵਿਧਾਨ ਸਭਾ ਹਲਕੇ ਦਾ ਨਾਂ ਸਾਬਕਾ ਰਾਸ਼ਟਰਪਤੀ ਤੇ ਵਿਗਿਆਨੀ ਏਪੀਜੇ ਅਬਦੁਲ ਕਲਾਮ ਦੇ ਨਾਂ ‘ਤੇ ਰੱਖਿਆ ਜਾਵੇ। ਉਨ੍ਹਾਂ ਇਹ ਮੰਗ ਨਿਯਮ ਨੰ: 280 ਤਹਿਤ ਕੀਤੀ। ਬਾਬਰਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਦਿੱਲੀ ਦੇ ਵਾਤਾਵਰਨ ਮੰਤਰੀ ਤੇ ‘ਆਪ’ ਵਿਧਾਇਕ ਗੋਪਾਲ ਰਾਏ ਕਰਦੇ ਹਨ। ਘੋਂਡਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਮਹਾਵਰ ਨੇ ਕਿਹਾ ਕਿ ਬਾਬਰ ਵਰਗੇ ਹਮਲਾਵਰ ਦੇ ਨਾਂ ’ਤੇ ਵਿਧਾਨ ਸਭਾ ਹਲਕੇ ਦਾ ਨਾਂ ਗੁਲਾਮੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੁਗਲ ਬਾਦਸ਼ਾਹ ਬਾਬਰ ਇੱਕ ਹਮਲਾਵਰ ਸੀ ਅਤੇ ਉਸ ਨੇ ਦੇਸ਼ ਨੂੰ ਜਿੱਤਣ ਤੇ ਰਾਜ ਕਰਨ ਲਈ ਆਪਣੀ ‘ਤਲਵਾਰ’ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਮੈਟਰੋ ਸਟੇਸ਼ਨ ਦਾ ਨਾਂ ਬਦਲ ਕੇ ਲਕਸ਼ਮੀ ਨਗਰ-ਸ਼ਕਰਪੁਰ ਮੈਟਰੋ ਸਟੇਸ਼ਨ ਰੱਖਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਕਰਪੁਰ ਉਨ੍ਹਾਂ ਦੇ ਹਲਕੇ ਦਾ ਪੁਰਾਣਾ ਪਿੰਡ ਹੈ ਤੇ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ। ਅਭੈ ਵਰਮਾ ਲਕਸ਼ਮੀ ਨਗਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।