ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ‘ਪੀ.ਟੀ.ਆਈ.’ ਦੇ ਹੋਰਨਾਂ ਆਗੂਆਂ ਖ਼ਿਲਾਫ਼ ਕੁਫ਼ਰ-ਵਿਰੋਧੀ ਕਾਨੂੰਨ ਅਧੀਨ ਦਰਜ ਕੇਸਾਂ ਉੱਪਰ ਕਾਰਵਾਈ ਉੱਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਧਰਮ ਨੂੰ ਰਾਜਸੀ ਹਥਿਆਰ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ, ਅਤੇ ਬੇਅਦਬੀ ਜਾਂ ਕੁਫ਼ਰ ਦੇ ਨਾਂਅ ’ਤੇ ਰਾਜਸੀ ਵਿਰੋਧੀਆਂ ਦੇ ਸ਼ੋਸ਼ਣ ਵਰਗੀ ‘ਮਰਜ਼’ ਪਨਪਣ ਹੀ ਨਹੀਂ ਦੇਣੀ ਚਾਹੀਦੀ।
ਹਾਈ ਕੋਰਟ ਦੇ ਚੀਫ਼ ਜਸਟਿਸ ਅਤਹਰ ਮਿਨੱਲ੍ਹਾ ਦੀ ਅਗਵਾਈ ਵਾਲੇ ਬੈਂਚ ਨੇ ਉਪਰੋਕਤ ਫ਼ੈਸਲਾ ਪੀ.ਟੀ.ਆਈ. ਦੇ ਨੇਤਾ ਤੇ ਸਾਬਕਾ ਕੌਮੀ ਵਜ਼ੀਰ ਫ਼ਵਾਦ ਚੌਧਰੀ ਤੇ ਹੋਰ ਆਗੂਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਦਿੱਤਾ। ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਇਸ ਫ਼ੈਸਲੇ ਵਿਚ ਚੀਫ਼ ਜਸਟਿਸ ਮਿਨੱਲ੍ਹਾ ਨੇ ਕਿਹਾ ਕਿ ਮਦੀਨਾ (ਸਾਊਦੀ ਅਰਬ) ਦੀ ਮਸਜਿਦ-ਇ-ਨਬਵੀ ਵਿਖੇ ਵਾਪਰੀ ਘਟਨਾ ਦੇ ਪ੍ਰਸੰਗ ਵਿਚ ਪਾਕਿਸਤਾਨੀ ਰਾਜਸੀ ਆਗੂਆਂ ਖ਼ਿਲਾਫ਼ ਪਾਕਿਸਤਾਨ ਅੰਦਰ ਕੇਸ ਦਰਜ ਕਰਨੇ ਇਨਸਾਫ਼ ਦੇ ਤਕਾਜ਼ਿਆਂ ਦੀ ਅਵੱਗਿਆ ਹਨ। ਜਿਹੜੇ ਰਾਜਸੀ ਆਗੂ ਮੁਕੱਦਸ ਮਸਜਿਦ ਦੀ ਕਥਿਤ ਬੇਅਦਬੀ ਸਮੇਂ ਨਾ ਉਸ ਮਸਜਿਦ ਵਿਚ ਅਤੇ ਨਾ ਹੀ ਸਾਊਦੀ ਅਰਬ ਵਿਚ ਮੌਜੂਦ ਸਨ, ਉਨ੍ਹਾਂ ਨੂੰ ਉਸ ਮਸਜਿਦ ਦੀ ਬੇਅਦਬੀ ਜਾਂ ਮਜ਼ਹਬੀ ਕੁਫ਼ਰ ਦਾ ਦੋਸ਼ੀ ਕਿਵੇਂ ਮੰਨਿਆ ਜਾ ਸਕਦਾ ਹੈ? ਜੇਕਰ ਇਹ ਆਸਾਰ ਕਿਆਸ ਵੀ ਲਿਆ ਜਾਵੇ ਕਿ ਉਨ੍ਹਾਂ ਨੇ ਬੇਅਦਬੀ ਵਾਲੀ ਘਟਨਾ ਦੀ ‘ਸਾਜ਼ਿਸ਼’ ਰਚੀ। ਫਿਰ ਵੀ ‘ਸਾਜ਼ਿਸ਼’ ਨੂੰ ਸਾਬਤ ਕਰਨ ਵਾਲੇ ਕੁਝ ਕੁ ਤੱਥ ਤਾਂ ਉੱਚ ਅਦਾਲਤ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਸਨ। ਅਜਿਹਾ ਕੁਝ ਵੀ ਉੱਚ ਅਦਾਲਤ ਦੇ ਸਾਹਮਣੇ ਨਹੀਂ ਲਿਆਂਦਾ ਗਿਆ। ਸਰਕਾਰੀ ਧਿਰ ਨੇ ਇਹ ਕਬੂਲਿਆ ਹੈ ਕਿ ਸਾਊਦੀ ਪੁਲੀਸ ਨੇ ‘ਬੇਅਦਬੀ’ ਵਾਲੇ ਮਾਮਲੇ ਵਿਚ ਕੁਝ ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ, ਪਰ ਕਿਸੇ ਇਕ ਵੀ ਅਜਿਹੇ ਪਾਕਿਸਤਾਨੀ ਆਗੂ ਦਾ ਨਾਂਅ ਮਦੀਨਾ ਵਿਚ ਦਰਜ ਕੇਸ ਵਿਚ ਸ਼ੁਮਾਰ ਨਹੀਂ ਜਿਨ੍ਹਾਂ ਖ਼ਿਲਾਫ਼ ਪਾਕਿਸਤਾਨ ਵਿਚ ਜਗ੍ਹਾ ਜਗ੍ਹਾ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਸ ਕਾਰਵਾਈ ਨੂੰ ਕਿਸ ਆਧਾਰ ’ਤੇ ਨਿਆਂਕਾਰੀ ਮੰਨਿਆ ਜਾ ਸਕਦਾ ਹੈ? ਇਹ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕੇ, ਪਰ ਨਾਲ ਹੀ ਉਸ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਉਹ ਰਾਜਸੀ ਬਦਲਾਖ਼ੋਰੀ ਲਈ ਧਰਮ ਨੂੰ ਹਥਿਆਰ ਨਾ ਬਣਨ ਦੇਵੇ। ਚੀਫ਼ ਜਸਟਿਸ ਨੇ ਆਪਣੇ ਹੁਕਮਾਂ ਵਿਚ ਫ਼ੈਸਲਾਬਾਦ ਜ਼ਿਲ੍ਹੇ ਵਿਚ ਦਰਜ ਇਕ ਐਫਆਈਆਰ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਜਿਸ ਵਿਚ ਪੀ.ਟੀ.ਆਈ. ਦੇ 52 ਆਗੂਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਬੈਂਚ ਨੇ ਕਿਹਾ ਕਿ ਇਸ ਕਿਸਮ ਦੀ ਐਫਆਈਆਰ ਦਰਜ ਹੀ ਨਹੀਂ ਸੀ ਕੀਤੀ ਜਾਣੀ ਚਾਹੀਦੀ।
ਜ਼ਿਕਰਯੋਗ ਹੈ ਕਿ 27 ਅਪਰੈਲ ਨੂੰ ਪਾਕਿਸਤਾਨੀ ਵਜ਼ੀਰੇ ਆਜ਼ਮ ਮੀਆਂ ਸ਼ਹਬਿਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਸਾਥੀ ਵਜ਼ੀਰਾਂ ਦਾ ਇਕ ਵਫ਼ਦ ਮਦੀਨਾ ਦੀ ਮਸਜਿਦ-ਇ-ਨਬਵੀ ਦੀ ਜ਼ਿਆਰਤ ’ਤੇ ਸੀ ਤਾਂ ਉੱਥੇ ਮੌਜੂਦ ਪਾਕਿਸਤਾਨੀ ਸ਼ਰਧਾਲੂਆਂ ਦੇ ਇਮਰਾਨ-ਪੱਖੀ ਟੋਲੇ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਫ਼ਦ ਦੇ ਕੁਝ ਮੈਂਬਰਾਂ, ਖ਼ਾਸਕਰ ਦੋ ਮਰਕਜ਼ੀ ਵਜ਼ੀਰਾਂ-ਨਵਾਬਜ਼ਾਦਾ ਸ਼ਾਹਜ਼ਾਇਨ ਬੁਗਤੀ ਤੇ ਮੋਹਤਰਮਾ ਮਰੀਅਮ ਔਰੰਗਜ਼ੇਬ ਦੀ ਧੂਹ-ਘੜੀਸ ਵੀ ਕੀਤੀ। ਇਸ ਘਟਨਾ ਤੋਂ ਰੋਹ ਵਿਚ ਆਏ ਸ਼ਰੀਫ਼-ਸਮਰਥਕਾਂ ਨੇ ਮੁਕੱਦਸ ਮਸਜਿਦ ਦੀ ‘ਬੇਅਦਬੀ’ ਅਤੇ ਪਾਕਿਸਤਾਨ ਦੇ ਕੌਮੀ ਨੇਤਾਵਾਂ ਦੀ ‘ਬੇਹੁਰਮਤੀ’ ਲਈ ਇਮਰਾਨ ਖ਼ਾਨ ਅਤੇ ਉਸ ਦੇ ਸਲਾਹਕਾਰਾਂ ਤੇ ਹਮਾਇਤੀਆਂ ਨੂੰ ਦੋਸ਼ੀ ਦੱਸਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਪਾਕਿਸਤਾਨ ਦੇ ਵੱਖ ਵੱਖ ਸੂਬਿਆਂ ਵਿਚ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਇਸ ਘਟਨਾਕ੍ਰਮ ਦੀ ਸੂਝਵਾਨ ਸਿਆਸੀ ਪਡਿਤਾਂ ਨੇ ਨਿੰਦਾ ਕੀਤੀ ਸੀ ਅਤੇ ਸ਼ਹਬਿਾਜ਼ ਸ਼ਰੀਫ਼ ਸਰਕਾਰ ਨੂੰ ਮਸ਼ਵਰਾ ਦਿੱਤਾ ਸੀ ਸੀ ਕਿ ਕੁਫ਼ਰ-ਵਿਰੋਧੀ ਕਾਨੂੰਨ ਧਾਰਾਵਾਂ ਦੀ ਦੁਰਵਰਤੋਂ ਉਹ ਸਖ਼ਤੀ ਨਾਲ ਰੁਕਵਾਏ। ਹੁਣ ਇਸਲਾਮਾਬਾਦ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਇਹ ਤਵੱਕੋ ਕੀਤੀ ਜਾ ਰਹੀ ਹੈ ਕਿ ਹੋਰ ਹਾਈ ਕੋਰਟ ਵੀ ਇਸੇ ਤਰਜ਼ ਦੇ ਫ਼ੈਸਲੇ ਦੇ ਕੇ ਆਪੋ ਆਪਣੇ ਅਧਿਕਾਰ ਖੇਤਰਾਂ ਅੰਦਰ ਦਰਜ ਐਫਆਈਆਰਜ਼ ਉਪਰ ਅਮਲ ਰੁਕਵਾ ਦੇਣਗੇ।
ਇਮਰਾਨ ਦੀ ਸਿਆਲਕੋਟ ਰੈਲੀ
ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਨਵੀਂ ਮਰਕਜ਼ੀ ਸਰਕਾਰ ਅਤੇ ਫ਼ੌਜ ਉਪਰ ਇਲਜ਼ਾਮਬਾਜ਼ੀ ਦਾ ਸਿਲਸਿਲਾ ਬਰਕਰਾਰ ਰੱਖਿਆ ਹੋਇਆ ਹੈ। ਸ਼ਨਿੱਚਰਵਾਰ ਦੇਰ ਸ਼ਾਮੀਂ ਸਿਆਲਕੋਟ ਵਿਚ ਇਕ ਵੱਡੇ ਸਿਆਸੀ ਜਲਸੇ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਤਹਿਰੀਕ-ਇ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸਰਬਉੱਚ ਨੇਤਾ ਨੇ ਆਪਣੀ ਜਾਨ ਨੂੰ ਖ਼ਤਰੇ ਦੀ ਦੁਹਾਈ ਦਿੱਤੀ ਅਤੇ ਕਿਹਾ ਕਿ ਉਸ ਨੇ ਇਸ ਖ਼ਤਰੇ ਨਾਲ ਜੁੜੇ ਸਾਰੇ ਸਾਜ਼ਿਸ਼ੀਆਂ ਦੀ ਫਹਿਰਿਸਤ ਵਾਲੀ ਇਕ ਵੀਡੀਓ ਬਣਾਈ ਹੋਈ ਹੈ। ਜੇਕਰ ਉਸ ਨਾਲ ਕੋਈ ਮੰਦਾ ਭਾਣਾ ਵਰਤ ਗਿਆ ਤਾਂ ਇਹ ਵੀਡੀਓ ਸਾਜ਼ਿਸ਼ੀਆਂ ਨੂੰ ਬੇਪਰਦ ਕਰਨ ਦੇ ਕੰਮ ਆਏਗੀ। ਰੋਜ਼ਾਨਾ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਇਸ ਤਕਰੀਰ ਵਿਚ ਇਮਰਾਨ ਨੇ ਇਹ ਦੋਸ਼ ਦੁਹਰਾਇਆ ਕਿ ਆਜ਼ਾਦਾਨਾ ਵਿਦੇਸ਼ ਨੀਤੀ ਅਪਨਾਉਣ ਕਰਕੇ ਅਮਰੀਕਾ ਤੇ ਕੁਝ ਹੋਰ ਮੁਲਕ ਉਸ ਨਾਲ ਨਾਖ਼ੁਸ਼ ਸਨ। ਇਨ੍ਹਾਂ ਮੁਲਕਾਂ ਨੇ ਉਸ ਨੂੰ ਵਜ਼ੀਰੇ ਆਜ਼ਮ ਦੇ ਅਹੁਦੇ ਤੋਂ ਹਟਾਉਣ ਵਾਸਤੇ ‘ਰਾਜਸੀ ਧਾੜਵੀਆਂ ਤੇ ਪਾਕਿਸਤਾਨੀ ਫ਼ੌਜੀ ਜਰਨੈਲਾਂ’ ਦੀ ਮਦਦ ਲਈ। ਸਾਬਕਾ ਵਜ਼ੀਰੇ ਆਜ਼ਮ ਨੇ ਦਾਅਵਾ ਕੀਤਾ ਕਿ ਉਪਰੋਕਤ ਸਾਜ਼ਿਸ਼ੀਆਂ ਨੂੰ ਇਹ ਖਦਸ਼ਾ ਸਤਾ ਰਿਹਾ ਹੈ ਕਿ ਉਹ ਦੁਬਾਰਾ ਸੱਤਾ ਵਿਚ ਨਾ ਆ ਜਾਵੇ। ਇਸੇ ਲਈ ਉਹ, ਉਸ ਨੂੰ ਮਰਵਾਉਣਾ ਚਾਹੁੰਦੇ ਹਨ। ਇਸੇ ਤਕਰੀਰ ਵਿਚ ਇਮਰਾਨ ਨੇ ਭਾਰਤ ਸਰਕਾਰ ਦੀ ‘ਗ਼ੈਰਤਮੰਦੀ’ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਕਿਉਂਕਿ ਭਾਰਤ ਵਿਚ ਜਮਹੂਰੀਅਤ ਪੱਕੇ ਪੈਰੀਂ ਹੈ, ਇਸੇ ਲਈ ਭਾਰਤ ਆਜ਼ਾਦਾਨਾ ਨੀਤੀਆਂ ਉਪਰ ਅਮਲ ਕਰ ਰਿਹਾ ਹੈ ਅਤੇ ਕਿਸੇ ਵੀ ਤਾਕਤਵਰ ਮੁਲਕ ਦੇ ਦਬਾਅ ਹੇਠ ਨਹੀਂ ਆ ਰਿਹਾ।
ਅੰਗਰੇਜ਼ੀ ਅਖ਼ਬਾਰ ‘ਡੇਲੀ ਟਾਈਮਜ਼’ ਮੁਤਾਬਿਕ ਸਿਆਲਕੋਟ ਜਲਸੇ ਲਈ ਇਮਰਾਨ ਦੀ ਪਾਰਟੀ ਨੂੰ ਬਹੁਤ ਤਰੱਦਦ ਕਰਨਾ ਪਿਆ। ਜਲਸਾ ਸੀਟੀਆਈ ਗਰਾਊਂਡ ਵਿਚ ਹੋਣਾ ਸੀ ਪਰ ਈਸਾਈ ਭਾਈਚਾਰੇ ਨੇ ਉੱਥੇ ਜਲਸਾ ਕੀਤੇ ਜਾਣ ਉੱਤੇ ਇਤਰਾਜ਼ ਕੀਤਾ। ਜਲਸੇ ਦੀ ਸ਼ੁਰੂਆਤ ਤੋਂ ਚਾਰ ਘੰਟੇ ਪਹਿਲਾਂ ਈਸਾਈ ਭਾਈਚਾਰੇ ਦੇ ਧਰਨੇ ਦੇ ਮੱਦੇਨਜ਼ਰ ਪੁਲੀਸ ਨੇ ਪੀਟੀਆਈ ਪਾਰਟੀ ਨੂੰ ਉੱਥੇ ਸਟੇਜ ਸਥਾਪਤ ਕਰਨ ਤੋਂ ਵਰਜ ਦਿੱਤਾ। ਦੋ ਘੰਟਿਆਂ ਤੱਕ ਚੱਲੇ ਰੇੜਕੇ ਤੋਂ ਬਾਅਦ ਪੀ.ਟੀ.ਆਈ. ਦੇ ਮੁਕਾਮੀ ਆਗੂ ਜਲਸੇ ਦੀ ਥਾਂ ਬਦਲਣ ਅਤੇ ਵੀਆਈਪੀ ਕ੍ਰਿਕਟ ਗਰਾਊਂਡ ਵਿਚ ਸਟੇਜ ਕਾਇਮ ਕਰਨ ਲਈ ਰਾਜ਼ੀ ਹੋ ਗਏ। ਇਸ ਰਾਜ਼ੀਨਾਮੇ ਸਦਕਾ ਪੀ.ਟੀ.ਆਈ. ਸਮਰਥਕਾਂ ਤੇ ਈਸਾਈ ਕਾਰਕੁਨਾਂ ਦਰਮਿਆਨ ਤਣਾਅ ਖ਼ਤਮ ਹੋ ਗਿਆ।
ਗਰਮੀ ਦੀ ਸਖ਼ਤ ਮਾਰ
ਬੇਹਿਸਾਬੀ ਗਰਮੀ ਨੇ ਪਾਕਿਸਤਾਨੀ ਵਸੋਂ ਦੇ ਹਰ ਵਰਗ ਦੀ ਬੱਸ ਕਰਾ ਦਿੱਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਮੁੱਚੇ ਮੁਲਕ ਵਿਚ ਗੁਰਦਿਆਂ ਨਾਲ ਸਬੰਧਤ ਰੋਗਾਂ ਦੇ ਮਰੀਜ਼ਾਂ ਅਤੇ ਪੇਚਸ਼, ਅੰਤੜੀ ਸੋਜ਼ਸ਼ ਤੇ ਹੈਜ਼ੇ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਭ ਤੋਂ ਵੱਧ ਗਰਮੀ ਸੂਬਾ ਸਿੰਧ ਵਿਚ ਪੈ ਰਹੀ ਹੈ। ਉੱਥੋਂ ਦੇ ਸ਼ਹਿਰ ਜੈਕਬਾਬਾਦ ਵਿਚ ਸ਼ਨਿੱਚਰਵਾਰ ਨੂੰ ਤਾਪਮਾਨ 50 ਡਿਗਰੀ ਸੈਲਸੀਅਸ ਪਾਰ ਕਰ ਗਿਆ। ਇਸੇ ਸੂਬੇ ਦੇ ਦਾਦੂ ਜ਼ਿਲ੍ਹੇ ਵਿਚ ਤਿੰਨ ਬੱਚਿਆਂ ਦੀ ਜਾਨ ਹੀਟ ਸਟਰੋਕ ਨੇ ਲੈ ਲਈ। ਅਖ਼ਬਾਰ ‘ਦਿ ਨੇਸ਼ਨ’ ਮੁਤਾਬਿਕ ਸੂਬਾ ਪੰਜਾਬ ਵਿਚ ਲਾਹੌਰ ਸਭ ਤੋਂ ਗਰਮ ਸ਼ਹਿਰ ਸਾਬਤ ਹੁੰਦਾ ਆ ਰਿਹਾ ਹੈ। ਦਰਖ਼ਤਾਂ ਦੀ ਬੇਕਿਰਕੀ ਨਾਲ ਕਟਾਈ ਨੇ ਇਸ ਮਹਾਂਨਗਰ ਤੋਂ ਹਰਾ ਛਤਰ ਖੋਹ ਲਿਆ ਹੈ। ਇਸ ਦਾ ਖ਼ਮਿਆਜ਼ਾ ਹੁਣ ਅੰਤਾਂ ਦੀ ਗਰਮੀ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ।
ਇਕ ਹੋਰ ਮਾਡਲ ਦੀ ਹੱਤਿਆ
ਲਾਹੌਰ ਦੇ ਬਾਗ਼ਬਾਨਪੁਰਾ ਇਲਾਕੇ ਵਿਚ ਸ਼ਨਿੱਚਰਵਾਰ ਨੂੰ 24 ਵਰ੍ਹਿਆਂ ਦੀ ਮੁਟਿਆਰ ਸਾਮੀਆ ਨਵਾਜ਼ ਦੀ ਹੱਤਿਆ ਉਸੇ ਇਲਾਕੇ ਦੇ ਵਸਨੀਕ ਸਲਮਾਨ ਨਵਾਜ਼ ਨੇ ਕਰ ਦਿੱਤੀ। ਅਖ਼ਬਾਰ ‘ਦਿ ਨੇਸ਼ਨ’ ਮੁਤਾਬਿਕ ਸਾਮੀਆ ਖ਼ੂਬਸੂਰਤ ਤੇ ਮਕਬੂਲ ਮਾਡਲ ਸੀ। ਸਲਮਾਨ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਜਦੋਂ ਸਾਮੀਆ ਨੇ ਸਿੱਧੇ ਤੌਰ ’ਤੇ ਨਾਂਹ ਕਰ ਦਿੱਤੀ ਤਾਂ ਸਲਮਾਨ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਸੂਬਾ ਪੰਜਾਬ ਵਿਚ ਇਕ ਹਫ਼ਤੇ ਦੌਰਾਨ ਇਹ ਦੂਜੀ ਵਾਰਦਾਤ ਸੀ ਜਿਸ ਵਿਚ ਕਿਸੇ ਮਾਡਲ ਦੀ ਜਾਨ ਚਲੀ ਗਈ। ਪਹਿਲਾਂ ਸੋਮਵਾਰ ਨੂੰ ਫੈਸਲਾਬਾਦ ਵਿਚ 22 ਵਰ੍ਹਿਆਂ ਦੀ ਸਿਦਰਾ ਖ਼ਾਲਿਦ ਨੂੰ ਉਸ ਦੇ ਭਰਾ ਨੇ ਇਸ ਕਰਕੇ ਕਤਲ ਕਰ ਦਿੱਤਾ ਸੀ ਕਿ ਸਿਦਰਾ ਮਾਡਲਿੰਗ ਛੱਡਣ ਲਈ ਤਿਆਰ ਨਹੀਂ ਸੀ। ਉਸ ਦੇ ਭਰਾ ਹਮਜ਼ਾ ਖ਼ਾਲਿਦ ਨੂੰ ਸਿਦਰਾ ਦਾ ਪੇਸ਼ਾ ਪਸੰਦ ਨਹੀਂ ਸੀ। ਦੋਵਾਂ ਦਰਮਿਆਨ ਇਸ ਗੱਲ ਨੂੰ ਲੈ ਕੇ ਤਲਖ਼ਕਲਾਮੀ ਹੋ ਗਈ ਜਿਸ ’ਤੇ ਹਮਜ਼ਾ ਨੇ ਸਿਦਰਾ ਨੂੰ ਗੋਲੀ ਮਾਰ ਦਿੱਤੀ। ਇਹ ਦੋਵੇਂ ਹੱਤਿਆਵਾਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਮੁੱਖ ਵਿਸ਼ਾ ਬਣੀਆਂ ਹੋਈਆਂ ਹਨ।
– ਪੰਜਾਬੀ ਟ੍ਰਿਬਿਊਨ ਫੀਚਰ