ਚਰਨਜੀਤ ਭੁੱਲਰ
ਚੰਡੀਗੜ੍ਹ, 15 ਮਈ
‘ਆਪ’ ਸਰਕਾਰ ਲਈ ਖੁਸ਼ਖਬਰ ਹੈ ਕਿ ਪੰਜਾਬ ਵਿੱਚ ਐਤਕੀਂ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਸਲੀ ਵਿਭਿੰਨਤਾ ਲਈ 17 ਅਪਰੈਲ ਨੂੰ ਕਿਸਾਨ ਧਿਰਾਂ ਨਾਲ ਮੀਟਿੰਗ ਦੌਰਾਨ ਮੂੰਗੀ ਦੀ ਫ਼ਸਲ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇਣ ਦਾ ਐਲਾਨ ਕੀਤਾ ਸੀ। ਮੂੰਗੀ ਦੀ ਖ਼ਰੀਦ ਲਈ ਆਉਂਦੇ ਦਿਨਾਂ ’ਚ ਮਾਰਕਫੈੱਡ ਨੂੰ ਨੋਡਲ ਏਜੰਸੀ ਐਲਾਨਿਆ ਜਾਣਾ ਹੈ। ਪੰਜਾਬ ਵਿਚ ਐਤਕੀਂ 97,250 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ ਜਦੋਂ ਕਿ ਪਿਛਲੇ ਸਾਲ ਇਹ ਰਕਬਾ ਕਰੀਬ 50 ਹਜ਼ਾਰ ਏਕੜ ਸੀ।
ਪੰਜਾਬ ਵਿੱਚੋਂ ਮਾਲਵਾ ਖਿੱਤੇ ’ਚ ਮੂੰਗੀ ਦੀ ਕਾਸ਼ਤ ਜ਼ਿਆਦਾ ਹੋਈ ਹੈ। ਖ਼ਾਸ ਕਰਕੇ ਆਲੂ ਵਾਲੀਆਂ ਜ਼ਮੀਨਾਂ ਵਿੱਚ ਮੂੰਗੀ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਗਈ ਹੈ। ਰਾਮਪੁਰਾ ਫੂਲ ਦੇ ਬੀਜ ਕਾਰੋਬਾਰੀ ਸ਼ਸ਼ੀ ਭੂਸ਼ਨ ਨੇ ਕਿਹਾ ਕਿ ਕਿਸਾਨਾਂ ਵਿੱਚ ਐਤਕੀਂ ਮੂੰਗੀ ਦੀ ਕਾਸ਼ਤ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਅਤੇ ਮੂੰਗੀ ਦੇ ਬੀਜ ਦੀ ਵਿਕਰੀ ਵੀ ਦੁੱਗਣੀ ਰਹੀ ਹੈ। ਉਨ੍ਹਾਂ ਦੱਸਿਆ ਕਿ ਐਤਕੀਂ ਮੂੰਗੀ ਦੀ ਵੇਚ ਵੱਟਤ ਠੀਕ ਰਹੀ ਤਾਂ ਅਗਲੇ ਵਰ੍ਹੇ ਰਕਬੇ ਵਿਚ ਹੋਰ ਵਾਧਾ ਹੋਵੇਗਾ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ’ਚ ਸੈਂਕੜੇ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ।
ਪਿੰਡ ਹਰਨਾਮ ਸਿੰਘ ਵਾਲਾ ਦੇ ਕਿਸਾਨ ਜਸਵੀਰ ਸਿੰਘ ਨੇ ਮੂੰਗੀ ਦੀ ਕਾਸ਼ਤ ਹੇਠ ਰਕਬਾ ਐਤਕੀਂ ਵਧਾਇਆ ਹੈ। ਸਰਕਾਰ ਨੇ ਮੂੰਗੀ ਲਈ ਐੱਮਐੱਸਪੀ 7275 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੈ। ਬਠਿੰਡਾ ਦੇ ਗੋਇਲ ਐਗਰੀਕਲਚਰ ਸਟੋਰ ਦੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਐੱਮਐੱਸਪੀ ਦੇ ਐਲਾਨ ਮਗਰੋਂ ਤਕਰੀਬਨ ਪਿੰਡਾਂ ਵਿਚ ਸੌ ਤੋਂ ਡੇਢ ਸੌ ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ। ਉਨ੍ਹਾਂ ਖ਼ੁਦ ਐਤਕੀਂ 25 ਗੱਟੇ ਮੂੰਗੀ ਦਾ ਬੀਜ ਵੇਚਿਆ ਹੈ, ਜੋ ਪਿਛਲੇ ਵਰ੍ਹੇ ਚਾਰ ਕੁ ਗੱਟੇ ਮਸਾਂ ਵਿਕਦਾ ਸੀ।
ਮੂੰਗੀ ਦੀ ਬਿਜਾਈ ਨੂੰ ਲੈ ਕੇ ਪੰਜਾਬ ’ਚੋਂ ਮਾਨਸਾ ਜ਼ਿਲ੍ਹਾ ਅੱਵਲ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿਚ 25,000 ਏਕੜ ਰਕਬੇ ਵਿਚ ਮੂੰਗੀ ਦੀ ਬਿਜਾਈ ਹੋਈ, ਜੋ ਕਿ ਸੂਬੇ ਦੀ ਕੁੱਲ ਕਾਸ਼ਤ ਦਾ ਕਰੀਬ 25 ਫ਼ੀਸਦੀ ਬਣਦਾ ਹੈ। ਇਸੇ ਤਰ੍ਹਾਂ ਮੋਗਾ ਵਿਚ 12,750 ਏਕੜ (5100 ਹੈਕਟੇਅਰ) ਅਤੇ ਲੁਧਿਆਣਾ ਵਿਚ 10,750 ਏਕੜ (4300 ਹੈਕਟੇਅਰ) ਰਕਬਾ ਇਸ ਫ਼ਸਲ ਦੀ ਕਾਸ਼ਤ ਹੇਠ ਹੈ। ਬਠਿੰਡਾ ਜ਼ਿਲ੍ਹੇ ਵਿਚ 9500 ਏਕੜ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 8750 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋਈ ਹੈ। ਮੂੰਗੀ ਦਾ ਬੀਜ ਐਤਕੀਂ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਹੈ। ਇਸ ਵਾਰ ਮੂੰਗੀ ਨੂੰ ਪਈ ਸੁੰਡੀ ਦੀ ਮਾਰ ਵੀ ਕੰਟਰੋਲ ਹੇਠ ਹੈ ਅਤੇ ਮੀਂਹ ਨਾ ਪੈਣ ਕਰ ਕੇ ਮੂੰਗੀ ਕਾਸ਼ਤਕਾਰ ਤਸੱਲੀ ਵਿਚ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਮੂੰਗੀ ਦੀ ਕਾਸ਼ਤ ਵਾਲੀ ਜ਼ਮੀਨ ਦੀ ਉਪਜਾਊ ਤਾਕਤ ਵਧਦੀ ਹੈ।ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਮੁਤਾਬਕ ਦਾਲ ਦੀ ਫ਼ਸਲ ਦੀਆਂ ਜੜ੍ਹਾਂ ਵਿਚ ਨਾਈਟਰੋਜਨ ਫਿਕਸਿੰਗ ਨੋਡਿਊਲ ਹੁੰਦੇ ਹਨ, ਜੋ ਜ਼ਮੀਨ ਵਿਚ ਨਾਈਟਰੋਜਨ ਫਿਕਸ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਜੇਕਰ ਮੂੰਗੀ ਦੀ ਫ਼ਸਲ ਦਾ ਝਾੜ ਘੱਟ ਵੀ ਜਾਵੇ ਤਾਂ ਵੀ ਨਾਈਟਰੋਜਨ ਫਿਕਸਿੰਗ ਦਾ ਲਾਭ ਅਗਲੀ ਫ਼ਸਲ ਨੂੰ ਮਿਲਦਾ ਹੈ। ਅਗਲੀ ਫ਼ਸਲ ਲਈ ਯੂਰੀਆ ਦੀ ਖਪਤ ਸਿਫ਼ਾਰਿਸ਼ ਕੀਤੀ ਖਾਦ ਨਾਲੋਂ 25-30 ਕਿਲੋਗਰਾਮ ਪ੍ਰਤੀ ਏਕੜ ਤੱਕ ਘਟ ਜਾਂਦੀ ਹੈ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੀ ਹੈ।
ਸਰਕਾਰ ਮੂੰਗੀ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸਰਕਾਰ ਮੂੰਗੀ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ, ਪਰ ਇਸ ਲਈ ਸ਼ਰਤ ਹੋਵੇਗੀ ਕਿ ਕਿਸਾਨਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫ਼ਸਲਾਂ ਪੱਕਣ ਲਈ ਬਹੁਤ ਘੱਟ ਸਮਾਂ ਲੈਂਦੀਆਂ ਹਨ। ਝੋਨੇ ਦੀਆਂ ਹੋਰਨਾਂ ਕਿਸਮਾਂ ਦੇ ਮੁਕਾਬਲੇ ਇਨ੍ਹਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।