ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਫਰਵਰੀ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਪੇਸ਼ ਕੀਤੇ ਗਏ ਬਜਟ ਨੂੰ ਕਿਸਾਨ ਤੇ ਖੇਤੀ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਿੱਧੇ ਰੂਪ ’ਚ ਕਾਰਪੋਰੇਟਾਂ ਦਾ ਪੱਖ ਪੂਰਦਾ ਦਿਖਾਈ ਦਿੰਦਾ ਹੈ। ਬੀਕੇਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਗੁਰਮੇਲ ਸਿੰਘ ਭਰੋਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ ਨੇ ਵੱਖ-ਵੱਖ ਬਿਆਨਾਂ ’ਚ ਕਿਹਾ ਕਿ ਇਸ ਬਜਟ ’ਚ ਖੇਤੀ ਕਿੱਤੇ ਨੂੰ ਘਾਟੇ ਵਿੱਚੋਂ ਕੱਢਣ ਦੀ ਕੋਈ ਯੋਜਨਾ ਨਹੀਂ ਹੈ। ਫ਼ਸਲਾਂ ਦੀ ਘੱਟੋ ਘੱਟ ਖਰੀਦ, ਪੂਰੇ ਮੁੱਲ ’ਤੇ ਸਾਰੀ ਖਰੀਦ ਦੀ ਕੋਈ ਗਾਰੰਟੀ ਨਹੀਂ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ 50 ਫ਼ੀਸਦੀ ਮੁਨਾਫਾ ਦੇਣ ਦੀ ਕੋਈ ਚਰਚਾ ਨਹੀਂ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਕੋਈ ਯੋਜਨਾ ਨਹੀਂ, ਫ਼ਸਲੀ ਵਿਭਿੰਨਤਾ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ਮਾਅਨਿਆਂ ’ਚ ਮੁਲਕ ਦੀ 85 ਫ਼ੀਸਦ ਛੋਟੀ ਕਿਸਾਨੀ ਨੂੰ ਡਿਜੀਟਲ ਤਕਨੀਕ ਦੇ ਨਾਂ ਹੇਠ ਖੇਤੀ ਕਿੱਤੇ ਵਿੱਚੋਂ ਬਾਹਰ ਧੱਕਣ ਦੀ ਨਵੀਂ ਸਾਜਿਸ਼ ਹੈ। ਪਹਿਲਾਂ ਹੀ ਇਕ ਲੱਖ ਕਰੋੜ ਰੁਪਏ ਦੇ ਕਰਜ਼ੇ ’ਚ ਨਪੀੜੀ ਖ਼ੁਦਕੁਸ਼ੀਆਂ ਦੀ ਕਗਾਰ ’ਤੇ ਪਹੁੰਚੀ ਛੋਟੀ ਕਿਸਾਨੀ ਲੱਖਾਂ ਰੁਪਏ ਖਰਚ ਕੇ ਡਰੋਨ ਤਕਨੀਕ ਕਿੱਥੋਂ ਅਪਣਾਏਗੀ। ਡਿਜੀਟਲ ਅਤੇ ਡਰੋਨ ਤਕਨੀਕ ਰਾਹੀਂ ਖੇਤੀ ਕਿੱਤੇ ਵਿੱਚ ਲੱਗੇ ਲੱਖਾਂ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੀ ਦਲਦਲ ’ਚ ਧੱਕ ਦਿੱਤਾ ਜਾਵੇਗਾ। ਮੌਜੂਦਾ ਖੇਤੀ ਨਾ ਮਨੁੱਖਤਾ-ਪੱਖੀ ਹੈ ਨਾ ਵਾਤਾਵਰਣ-ਪੱਖੀ ਹੈ। ਸਗੋਂ ਕੰਪਨੀਆਂ ਆਪਣੇ ਮੁਨਾਫ਼ੇ ਕਮਾਉਣ ਦੀ ਹੋੜ ਵਿੱਚੋਂ ਕੀੜੇਮਾਰ ਅਤੇ ਨਦੀਨਨਾਸ਼ਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਵਾ ਕਰਕੇ ਖੇਤੀ ਦੀ ਉਸ ’ਤੇ ਨਿਰਭਰਤਾ ਪੈਦਾ ਕਰ ਰਹੀਆਂ ਹਨ।