ਅਹਿਮਦਾਬਾਦ: ਰਾਜਸਥਾਨ ਦੇ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੱਤਾਧਾਰੀ ਭਾਜਪਾ ਨੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦਾ ਹਾਲ ਵੀ ਪਾਕਿਸਤਾਨ ਵਰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਹਰ ਚੋਣ ਧਰਮ ਦੇ ਨਾਂ ’ਤੇ ਲੜਦੀ ਅਤੇ ਜਿੱਤਦੀ ਹੈ। ਮੌਜੂਦਾ ਸਮੇਂ ਸ੍ਰੀ ਗਹਿਲੋਤ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਹਨ ਅਤੇ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ। ਗੁਜਰਾਤ ਵਿੱਚ ਇਸ ਵਰ੍ਹੇ ਦਸੰਬਰ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਅੱਜ ਆਪਣੇ ਦੌਰੇ ਦੇ ਅੰਤਿਮ ਦਿਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਕੋਲ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਕੋਈ ਵਿਕਾਸ ਮਾਡਲ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਭਾਜਪਾ ਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦਾ ਹਸ਼ਰ ਵੀ ਪਾਕਿਸਤਾਨ ਵਰਗਾ ਹੋਵੇਗਾ। -ਪੀਟੀਆਈ