ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਮੁੱਖ ਅੰਸ਼
- ਮੋਰਚਿਆਂ ਉੱਤੇ ਕਿਸਾਨਾਂ ਦੀ ਆਮਦ ਜਾਰੀ
- ‘ਮੰਗਾਂ ਦਾ ਹੱਲ ਹੋਣ ਤੋਂ ਬਾਅਦ ਹੀ ਘਰ ਪਰਤਾਂਗੇ’
ਦਿੱਲੀ ਦੇ ਮੁੱਖ ਮਾਰਗਾਂ ’ਤੇ ਪਿਛਲੇ ਛੇ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਮੋਰਚਿਆਂ ਵਿਚ ਕਿਸਾਨਾਂ ਦੀ ਆਮਦ ਅਜੇ ਵੀ ਜਾਰੀ ਹੈ ਅਤੇ ਹੋਰ ਰਾਜਾਂ ਤੋਂ ਵੀ ਕਿਸਾਨਾਂ ਦੇ ਜੱਥੇ ਇਨ੍ਹਾਂ ਮੋਰਚਿਆਂ ਵਿਚ ਆ ਰਹੇ ਹਨ। ਸਿੰਘੂ ਮੋਰਚੇ ਦੀ ਮੁੱਖ ਸਟੇਜ ’ਤੇ ਅੱਜ ਮੰਚ ਸੰਚਾਲਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਲਗਾਤਾਰ ਮਜ਼ਬੂਤੀ ਫੜ ਰਿਹਾ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਤਿੱਖੀਆਂ ਤਕਰੀਰਾਂ ਕੀਤੀਆਂ ਗਈਆਂ ਅਤੇ ਕੇਂਦਰ ਨਾਲ ਲੰਬਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਰਨਜੀਤ ਸੇਖੋਂ, ਅਵਤਾਰ ਸਿੰਘ ਮੇਹਲੋਂ, ਰਤਨ ਸਿੰਘ ਢੰਡ, ਗੁਰਮੇਲ ਸਿੰਘ ਢਕੜਬਾ ਤੇ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਦੇ ਬਾਵਜੂਦ ਕਿਸਾਨ ਦਿੱਲੀ ਸਮੇਤ ਪੰਜਾਬ ਦੇ ਮੋਰਚਿਆਂ ’ਤੇ ਡਟੇ ਹੋਏ ਹਨ। ਸੁਖਵਿੰਦਰ ਸਿੰਘ ਤੁਲੇਵਾਲ ਤੇ ਬੀਬੀ ਕੁਲਦੀਪ ਕੌਰ ਫਿਰੋਜ਼ਪੁਰ ਨੇ ਕਿਹਾ ਕਿ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਭਾਵੇਂ ਛੇ ਮਹੀਨੇ ਹੋਰ ਕਿਉਂ ਨਾ ਮੋਰਚਿਆਂ ’ਤੇ ਬੈਠਣਾ ਪੈ ਜਾਵੇ ਪਰ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ।
ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਭਾਜਪਾ ਵੀ ਦੋਫਾੜ ਹੋ ਚੁੱਕੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਦੇ ਸਾਰੇ ਆਗੂ ਹਕੀਕਤਾਂ ਤੋਂ ਜਾਣੂ ਹਨ, ਪਰ ਮੋਦੀ ਸਰਕਾਰ ਦੇ ਡਰ ਤੋਂ ਉਹ ਦੱਬੀ ਆਵਾਜ਼ ਵਿਚ ਬੋਲ ਰਹੇ ਹਨ। ਉੱਧਰ, ਕਿਸਾਨ ਲਗਾਤਾਰ ਆਪਣੇ ਇਰਾਦੇ ’ਤੇ ਦ੍ਰਿੜ੍ਹ ਹਨ ਕਿ ਉਹ ਸਾਰੀਆਂ ਮੰਗਾਂ ਦਾ ਹੱਲ ਹੋਣ ਤੋਂ ਬਾਅਦ ਹੀ ਘਰ ਵਾਪਸ ਜਾਣਗੇ।