ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 1 ਫਰਵਰੀ
ਸੰਘਣੀ ਧੁੰਦ ਕਾਰਨ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਸ਼ਹਿਰ ਦੇ ਪੰਡੋਰੀ ਨਰਸਿੰਗ ਹੋਮ ਨੇੜੇ ਉੱਪਰੋਥਲੀ ਪੰਜ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ, ਜਿਸ ਕਾਰਨ ਇੱਕ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਮੋਟਰਸਾਈਕਲ ਸਵਾਰ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੱਚੇ ਤੇਲ ਨਾਲ ਭਰਿਆ ਟੈਂਕਰ ਮੁੱਖ ਮਾਰਗ ਉੱਪਰ ਪੁਲ ਦੇ ਨੇੜੇ ਮੁੱਖ ਸੜਕ ਉੱਪਰ ਖੜ੍ਹਾ ਸੀ ਜਿਸ ਨਾਲ ਫ਼ਿਰੋਜ਼ਪੁਰ ਤੋਂ ਆ ਰਹੀ ਜੁਝਾਰ ਕੰਪਨੀ ਦੀ ਟੂਰਿਸਟ ਬੱਸ ਟਕਰਾ ਗਈ ਅਤੇ ਨਾਲ ਦੀ ਨਾਲ ਹੀ ਉਸ ਦੇ ਪਿੱਛੇ ਇੱਕ ਫਾਰਚੂਨਰ ਗੱਡੀ ਆ ਵੱਜੀ ਅਤੇ ਇੰਨੇ ਨੂੰ ਪਿੱਛੇ ਤੋਂ ਹੀ ਆ ਰਹੀ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਵੀ ਟਕਰਾ ਗਈ, ਇਕ ਮੋਟਰਸਾਈਕਲ ਸਵਾਰ ਵੀ ਇਨ੍ਹਾਂ ਹਾਦਸਾਗ੍ਰਸਤ ਗੱਡੀਆਂ ਦੀ ਲਪੇਟ ਵਿੱਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦੀ ਪਹਿਚਾਣ ਪਿੰਕੂ ਕੋਬੀਆਲ ਵਾਸੀ ਨਰਾਇਣ ਬਗੜ (ਉਤਰਾਖੰਡ) ਹਾਲ ਵਾਸੀ ਮੋਗਾ ਵਜੋਂ ਹੋਈ ਹੈ। ਟੱਕਰ ਬਹੁਤ ਹੀ ਜ਼ਬਰਦਸਤ ਸੀ ਪਰ ਫਾਰਚੂਨਰ ਗੱਡੀ ਦੇ ਏਅਰ-ਬੈਗ ਖੁੱਲ੍ਹ ਜਾਣ ਕਾਰਨ ਉਸ ਵਿਚ ਬੈਠੇ ਪਿਉ-ਧੀ ਵਾਲ-ਵਾਲ ਬਚ ਗਏ। ਮੋਟਰਸਾਈਕਲ ਸਵਾਰ ਲੁਧਿਆਣਾ ਦੇ ਇਕ ਹਸਪਤਾਲ ਵਿਚ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜਾ ਰਿਹਾ ਸੀ। ਜਿਹੜਾ ਖ਼ੁਦ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸੇ ਹੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਹਾਦਸੇ ਸਬੰਧੀ ਜਾਂਚ ਅਫ਼ਸਰ ਥਾਣੇਦਾਰ ਹਮੀਰ ਸਿੰਘ ਨੇ ਦੱਸਿਆ ਕਿ ਆਪਸ ਵਿਚ ਟਕਰਾਈਆਂ ਗੱਡੀਆਂ ਦੇ ਚਾਲਕਾਂ ਦਾ ਆਪਸੀ ਸਮਝੌਤਾ ਹੋ ਜਾਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਪਰ ਜਦੋਂ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਮੋਟਰਸਾਈਕਲ ਸਵਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕਿਸੇ ਹਸਪਤਾਲ ਤੋਂ ਲਿਖਤੀ ਜਾਣਕਾਰੀ ਹਾਸਲ ਨਹੀਂ ਹੋਈ।
ਲੁਧਿਆਣਾ ’ਚ ਸੰਘਣੀ ਧੁੰਦ ਕਾਰਨ ਲੋਕ ਪ੍ਰੇਸ਼ਾਨ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਲਗਾਤਾਰ ਪੈ ਰਹੀ ਠੰਢ ਦੇ ਨਾਲ ਹੁਣ ਸਨਅਤੀ ਸ਼ਹਿਰ ਦੇ ਲੋਕ ਸਵੇਰੇ ਤੇ ਰਾਤ ਨੂੰ ਪੈ ਰਹੀ ਸੰਘਣੀ ਧੁੰਦ ਤੋਂ ਪ੍ਰੇਸ਼ਾਨ ਹੋ ਰਹੇ ਹਨ। ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਪੈ ਰਹੀ ਹੈ। ਰੋਜ਼ਾਨਾ ਸਵੇਰੇ 10 ਵਜੇ ਤੱਕ ਸ਼ਹਿਰ ਦੇ ਅੰਦਰ ਵੀ ਧੁੰਦ ਰਹਿੰਦੀ ਹੈ। ਇਸ ਨਾਲ ਹੀ ਖੁੱਲ੍ਹੇ ਇਲਾਕਿਆਂ ਵਿੱਚ ਧੁੰਦ ਕਾਰਨ ਲੋਕ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਸ਼ਹਿਰ ਵਿੱਚ ਅੱਜ 12 ਵਜੇ ਦੇ ਕਰੀਬ ਸੂਰਜ ਨਿਕਲਿਆ, ਪਰ ਮੌਸਮ ਪਹਿਲਾਂ ਵਾਂਗ ਹੀ ਠੰਡਾ ਰਿਹਾ। ਮੌਸਮ ਵਿਭਾਗ ਦੀ ਮੰਨੀਏ ਤਾਂ ਠੰਢ ਤੇ ਧੁੰਦ ਹਾਲੇ ਕੁੱਝ ਦਿਨ ਏਦਾਂ ਹੀ ਜਾਰੀ ਰਹੇਗੀ। ਸਨਅਤੀ ਸ਼ਹਿਰ ਵਿੱਚ ਜਨਵਰੀ ਮਹੀਨੇ ਤੋਂ ਲਗਾਤਾਰ ਠੰਢ ਪੈ ਰਹੀ ਹੈ, ਜਨਵਰੀ ਮਹੀਨੇ ਵਿੱਚ ਤਾਂ ਕਈ ਦਿਨ ਸੂਰਜ ਨਹੀਂ ਨਿਕਲਿਆ। ਹੁਣ ਇੱਕ ਦੋ ਦਿਨ ਤੋਂ ਧੁੱਪ ਨਿਕਲ ਰਹੀ ਹੈ ਤਾਂ ਨਾਲ ਹੀ ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਕਾਫ਼ੀ ਧੁੰਦ ਪੈ ਰਹੀ ਹੈ। ਜਿਸ ਕਰਕੇ ਸੜਕਾਂ ’ਤੇ ਚੱਲਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਸੜਕੀ ਰਸਤੇ ਰਾਹੀਂ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੇ ਕਮਲ ਗੋਇਲ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਲੁਧਿਆਣਾ ਤੋਂ ਚੰਡੀਗੜ੍ਹ ਜਾਂਦਾ ਹੈ, ਪਹਿਲਾਂ ਵੀ ਰਸਤੇ ਵਿੱਚ ਧੁੰਦ ਪੈਂਦੀ ਸੀ, ਪਰ ਪਿਛਲੇ ਦੋ ਤਿੰਨ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ, ਇਸ ਕਰਕੇ ਸਫਰ ਲੰਬਾ ਹੋ ਰਿਹਾ ਹੈ।