ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਾਰਚ
ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਨਵੀਂ ਸਿੱਖਿਆ ਨੀਤੀ-2020 ਬਾਰੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਜਾਗਰੂਕ ਕਰਨ ਬਾਰੇ 12 ਮਾਰਚ ਨੂੰ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਹੋਈ ਮੀਟਿੰਗ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਗੁਰਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਅਮਨਦੀਪ, ਜਮਹੂਰੀ ਅਧਿਕਾਰ ਸਭਾ ਵੱਲੋਂ ਸਵਰਨਜੀਤ ਸਿੰਘ, ਡੀਟੀਐਫ ਵੱਲੋਂ ਬਲਬੀਰ ਚੰਦ ਲੌਂਗੋਵਾਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਜੀਵ ਮਿੰਟੂ ਸ਼ਾਮਲ ਹੋਏ। ਮੀਟਿੰਗ ’ਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ-2020 ਦੇ ਲਾਗੂ ਹੋਣ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਉਪਰ ਵੱਡਾ ਆਰਥਿਕ ਬੋਝ ਪੈ ਜਾਵੇਗਾ ਜਿਸ ਨੂੰ ਚੁੱਕਣਾ ਆਮ ਕਿਰਤੀ ਪਰਿਵਾਰ ਲਈ ਸੰਭਵ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਹਮਲੇ ਦਾ ਦੇਸ਼ਿਵਆਪੀ ਢੁੱਕਵਾਂ ਜਵਾਬ ਦੇਣ ਲਈ ਇੱਕਜੁੱਟ ਹੋਣ ਦੀ ਲੋੜ ਹੈ। ਜਮਹੂਰੀ ਅਧਿਕਾਰ ਅਧਿਆਪਕ ਸਭਾ ਦੇ ਉਪ ਸਕੱਤਰ ਕੁਲਵਿੰਦਰ ਬੰਟੀ ਨੇ ਵੀ ਇਸ ਸਿਖਿਆ ਦੇ ਲੋਕ ਮਾਰੂ ਪ੍ਰਭਾਵਾਂ ਸਬੰਧੀ ਦੱਸਦਿਆਂ ਕਿਹਾ ਕਿ ਸਿੱਖਿਆ ਹਰ ਇਨਸਾਨ ਦੀ ਬੁਨਿਆਦੀ ਜਰੂਰਤ ਹੈ, ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣਾ ਇੱਕ ਗੈਰ ਮਨੁੱਖੀ ਕਾਰਾ ਹੈ। ਮੀਟਿੰਗ ਦੌਰਾਨ 12 ਮਾਰਚ ਨੂੰ ਪਰਜਾਪਤ ਧਰਮਸ਼ਾਲਾ ਸੰਗਰੂਰ ਵਿੱਚ ਨਵੀਂ ਸਿੱਖਿਆ ਨੀਤੀ-2020 ਦੇ ਸਬੰਧ ਵਿਚ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ।