ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਪਰੈਲ
ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸਵੇਅ (ਕੇਐੱਮਪੀ) ਸਥਿਤ ਮੰਡੋਥੀ-ਅਸੌਦਾ ਟੌਲ ਪਲਾਜ਼ਾ ਮੁਕਤ ਕਰਵਾਉਣ ਲਈ ਅੱਜ ਇਕ ਵਾਰ ਫਿਰ ਕਿਸਾਨ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ। ਕਰੀਬ ਛੇ ਘੰਟੇ ਤੱਕ ਕਿਸਾਨਾਂ ਅਤੇ ਪੁਲੀਸ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ ਰਿਹਾ। ਕਿਸਾਨ ਟੌਲ ਦੇ ਸਾਹਮਣੇ ਸੜਕ ’ਤੇ ਬੈਠ ਗਏ ਅਤੇ ਕੇਐੱਮਪੀ ’ਤੇ ਤਿੰਨ ਘੰਟੇ ਲਈ ਟਰੈਫਿਕ ਜਾਮ ਕਰ ਦਿੱਤਾ। ਇਸ ਦੌਰਾਨ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਬਾਅਦ ਦੁਪਹਿਰ 3.45 ਵਜੇ ਕੇਐੱਮਪੀ ਨੂੰ ਟੌਲ ਫ੍ਰੀ ਕਰ ਦਿੱਤਾ ਗਿਆ। ਉਪਰੰਤ ਸ਼ਾਮ 4 ਵਜੇ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਕੇਐੱਮਪੀ ’ਤੇ ਡਟੇ ਕਿਸਾਨਾਂ ਕੋਲ ਪਹੁੰਚ ਗਏ ਅਤੇ ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ, ਟੌਲ ਪਲਾਜ਼ਿਆਂ ’ਤੇ ਟੌਲ ਫੀਸ ਦੀ ਉਗਰਾਹੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ ਤਾਂ ਕਿਸਾਨ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਉੱਠਣਗੇ। ਕੇਐੱਮਪੀ ਨੂੰ ਟੌਲ ਮੁਕਤ ਕੀਤੇ ਜਾਣ ਤੋਂ ਬਾਅਦ ਜਾਮ ਵਿਚ ਫਸੇ ਵਾਹਨਾਂ ਨੂੰ ਕੱਢਣ ’ਚ ਕਾਫੀ ਘੰਟੇ ਲੱਗ ਗਏ। ਜ਼ਿਕਰਯੋਗ ਹੈ ਕਿ 18 ਅਪਰੈਲ ਨੂੰ ਵੀ ਦਲਾਲ ਖਾਪ ਦੀ ਅਗਵਾਈ ਹੇਠ ਕਈ ਕਿਸਾਨ ਮੰਡੋਥੀ ਟੌਲ ਪਲਾਜ਼ਾ ਨੇੜੇ ਪਹੁੰਚੇ ਸਨ ਅਤੇ ਕੇਐੱਮਪੀ ਨੂੰ ਟੌਲਮੁਕਤ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦਿਨ ਕਿਸਾਨਾਂ ਦੀ ਗਿਣਤੀ ਘੱਟ ਅਤੇ ਪੁਲੀਸ ਬਲ ਜ਼ਿਆਦਾ ਹੋਣ ਕਾਰਨ ਟੌਲ ਨੂੰ ਮੁਕਤ ਨਹੀਂ ਸੀ ਕਰਵਾਇਆ ਜਾ ਸਕਿਆ। ਹਾਲਾਂਕਿ, ਉਸ ਵੇਲੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੇਐੱਮਪੀ ਨੂੰ ਟੌਲ ਮੁਕਤ ਕਰਨ ਲਈ ਚਾਰ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ।