ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਸਿਟੀ ਬਿਊਟੀਫੁੱਲ ਵਿੱਚ ਕਰੋਨਾਵਾਇਰਸ ਦੇ ਪਸਾਰ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਚੰਡੀਗੜ੍ਹ ਕਾਂਗਰਸ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਨਾ ਮਾਸਕ ਲਗਾਏ ਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ। ਚੰਡੀਗੜ੍ਹ ਪੁਲੀਸ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਸਣੇ ਹੋਰਨਾਂ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਸੈਕਟਰ-19 ਦੀ ਪੁਲੀਸ ਨੇ ਸੁਭਾਸ਼ ਚਾਵਲਾ, ਸ਼ਸ਼ੀ ਸ਼ੰਕਰ ਤਿਵਾੜੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸਨ। ਥਾਣਾ ਸੈਕਟਰ-19 ਦੀ ਪੁਲੀਸ ਨੇ ਹੀ ਸੈਕਟਰ-21 ਵਿੱਚ ਇਕੱਠੇ ਹੋਣ ਕਰਕੇ ਮੌਲੀ ਜੱਗਰਾਂ ਦੇ ਪ੍ਰਧਾਨ ਇੰਦਰਪਾਲ ਅਤੇ ਬਾਪੂ ਧਾਮ ਕਲੋਨੀ ਦੇ ਪ੍ਰਧਾਨ ਨਰੇਸ਼ ਕੁਮਾਰ ਸਣੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 188, 269, 270 ਤੇ ਡਿਜਾਸਟਰ ਮੈਨੇਜਮੇਂਟ ਐਕਟ-2005 ਦੀ ਧਾਰਾ 51 (ਏ) ਤਹਿਤ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸੈਕਟਰ-34 ਦੇ ਲੇਬਰ ਚੌਕ ਨਜ਼ਦੀਕ ਰੋਸ ਪ੍ਰਦਰਸ਼ਨ ਕਰਨ ’ਤੇ ਥਾਣਾ ਸੈਕਟਰ-34 ਦੀ ਪੁਲੀਸ ਨੇ ਅਣਪਛਾਤੇ ਕਾਂਗਰਸੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।