ਨਵੀਂ ਦਿੱਲੀ, 14 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ 2.6 ਕਰੋੜ ਹੈਕਟੇਅਰ ਰਕਬੇ ਵਿੱਚ ਫੈਲੀ ਬੰਜਰ ਅਤੇ ਖੁਰ ਰਹੀ ਜ਼ਮੀਨ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹ੍ਵਾਂ ਕਿਹਾ ਕਿ ਜ਼ਮੀਨਾਂ ਨੂੰ ਮੁੜ ਹਰਿਆ ਭਰਿਆ ਬਣਾਉਣ ਦੀ ਰਣਨੀਤੀ ਵਿਕਸਤ ਕਰਨ ਲਈ ਵਿਕਾਸਸ਼ੀਲ ਮੁਲਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਸ੍ਰੀ ਮੋਦੀ ‘ਧਰਤੀ ਨੂੰ ਮਾਰੂਥਲ, ਬੰਜਰ ਤੇ ਔੜ ਤੋਂ ਬਚਾਉਣ ਨਾਲ ਸਬੰਧਤ ਵਿਸ਼ੇ ਨੂੰ ਲੈ ਕੇ ਉੱਚ ਪੱਧਰੀ ਯੂਐੱਨ ਸੰਵਾਦ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਬੰਜਰ ਤੇ ਖੁਰ ਚੁੱਕੀ ਜ਼ਮੀਨ ਨੇ ਕੁੱਲ ਆਲਮ ਦੇ ਦੋ ਤਿਹਾਈ ਹਿੱਸੇ ਨੂੰ ਅਸਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਹਕੀਕਤ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਤਾਂ ਇਹ ਸਾਡੇ ਸਮਾਜਾਂ, ਅਰਥਚਾਰਿਆਂ, ਖੁਰਾਕੀ ਸੁਰੱਖਿਆ, ਸਿਹਤ, ਸੁਰੱਖਿਆ ਤੇ ਜ਼ਿੰਦਗੀ ਦੇ ਰੰਗ ਢੰਗ ਦੀਆਂ ਨੀਂਹਾਂ ਨੂੰ ਖੋਰ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਲਿਹਾਜ਼ਾ ਸਾਨੂੰ ਧਰਤੀ ਤੇ ਇਸ ਦੇ ਸਰੋਤਾਂ ’ਤੇ ਪੈਣ ਵਾਲੇ ਅਤਿ ਦੇ ਦਬਾਅ ਨੂੰ ਘਟਾਉਣਾ ਹੋਵੇਗਾ। ਸਾਫ਼ ਨਜ਼ਰ ਆਉਂਦਾ ਹੈ ਕਿ ਸਾਡੇ ਅੱਗੇ ਅਜੇ ਬਹੁਤ ਸਾਰਾ ਕੰਮ ਪਿਆ ਹੈ। ਪਰ ਅਸੀਂ ਕਰ ਸਕਦੇ ਹਾਂ। ਅਸੀਂ ਮਿਲ ਕੇ ਇਸ ਟੀਚੇ ਨੂੰ ਸਰ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਧਰਤੀ ਨੂੰ ਮਾਰੂਥਲ ਬਣਨ ਤੋਂ ਰੋਕਣ ਨਾਲ ਜੁੜੇ ਮੁੱਦਿਆਂ ਨੂੰ ਕੌਮਾਂਤਰੀ ਮੰਚਾਂ ’ਤੇ ਚੁੱਕਣ ਲਈ ਮੂਹਰੇ ਹੋ ਕੇ ਅਗਵਾਈ ਕੀਤੀ ਹੈ। ਉਨ੍ਹਾਂ ਸਾਲ 2019 ਦੇ ‘ਦਿੱਲੀ ਐਲਾਨਨਾਮੇ’ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਜ਼ਮੀਨ ਦੀ ਮੁਖਤਿਆਰੀ ਤੇ ਪਹੁੰਚ ਅਤੇ ਲੋਕ ਪੱਖੀ ਪ੍ਰਾਜੈਕਟਾਂ ’ਤੇ ਜ਼ੋਰ ਦਿੱਤਾ ਗਿਆ ਸੀ। ਪਿਛਲੇ ਇਕ ਦਹਾਕੇ ਵਿੱਚ 30 ਲੱਖ ਹੈਕਟੇਅਰ ਰਕਬੇ ਨੂੰ ਜੰਗਲਾਤ ਹੇਠ ਲਿਆਂਦਾ ਗਿਆ ਹੈ ਤੇ ਸਾਲ 2030 ਤੱਕ 2.6 ਕਰੋੜ ਹੈਕਟੇਅਰ ਮਾਰੂਥਲ ਰਕਬੇ ਨੂੰ ਮੁੜ ਹਰਿਆ ਭਰਿਆ ਬਣਾਉਣ ਦੇ ਟੀਚੇ ’ਤੇ ਕੰਮ ਜਾਰੀ ਹੈ। -ਪੀਟੀਆਈ