ਪੱਤਰ ਪ੍ਰੇਰਕ
ਚੇਤਨਪੁਰਾ, 4 ਸਤੰਬਰ
ਸਰਬ ਸਾਂਝਾ ਰੰਘਰੇਟਾ ਦਲ ਦੇ ਸੰਸਥਾਪਕ ਬਾਪੂ ਪ੍ਰਕਾਸ਼ ਸਿੰਘ ਗਿੱਲ ਦੀ 28ਵੀਂ ਬਰਸੀ ਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 360ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਅੱਡਾ ਮੱਝੂਪੁਰਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਲ ਦੀ ਸੂਬਾਈ ਚੇਅਰਪਰਸਨ ਕਰਤਾਰ ਕੌਰ ਗਿੱਲ ਦੀ ਅਗਵਾਈ ਤੇ ਬੁਲਾਰੇ ਗੁਰਿੰਦਰ ਸਿੰਘ ਸਾਬੀ ਗਿੱਲ ਦੇ ਪ੍ਰਬੰਧਾਂ ਹੇਠ ਇਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿੱਖ ਕੌਮ ਦੇ ਕਈ ਮਹਾਨ ਢਾਡੀ, ਰਾਗੀ ਤੇ ਕਵੀਸ਼ਰੀ ਜਥਿਆਂ ਵੱਲੋਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਜੋ ਕੌਮਾਂ ਆਪਣੇ ਜਠੇਰਿਆਂ ਤੇ ਪੁਰਖਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਧਾਰਮਿਕ ਸ਼ਖ਼ਸੀਅਤਾਂ ਦਾ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।
ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ
ਸ਼ਾਹਕੋਟ (ਪੱਤਰ ਪ੍ਰੇਰਕ): ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਦੇ ਜਨਮ ਦਿਵਸ ਨੂੰ ਸਮਰਪਿਤ ਸਮਾਜ ਭਲਾਈ ਸੰਸਥਾ ਮੰਦਿਰ ਕਲਾਂ (ਮੋਗਾ) ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਨਗਰ ਕੀਰਤਨ ਦਾ ਬਾਜਵਾ ਕਲਾਂ, ਸ਼ਾਹਕੋਟ, ਮਲਸੀਆਂ ਅਤੇ ਨਕੋਦਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬਾਜਵਾ ਕਲਾਂ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਬਲਦੇਵ ਸਿੰਘ ਕਲਿਆਣ, ਕਰਨੈਲ ਸਿੰਘ ਜੋਧਪੁਰੀ, ਸਰਬਦਿਆਲ ਸਿੰਘ, ਹਰਭਜਨ ਸਿੰਘ ਬਾਜਵਾ ਅਤੇ ਜਸਵੰਤ ਸਿੰਘ ਵੱਲੋਂ ਪੰਜ ਪਿਆਰਿਆ ਨੂੰ ਸਿਰੋਪਾਓ ਭੇਟ ਕੀਤੇ ਗਏ।