ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਅੱਜ ਅੱਪਡੇਟਡ ਤੇ ਗ਼ਲਤੀ ਰਹਿਤ ਵੋਟਰ ਸੂਚੀ ਤੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਰਜਿਸਟਰੇਸ਼ਨ ਲਈ ਨਵੇਂ ਮੱਤਦਾਤਾਵਾਂ ਨਾਲ ਜੁੜਨ ਅਤੇ ਮੌਜੂਦਾ ਮੱਤਦਾਤਾਵਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇਣ ਲਈ ਸਾਲ ਭਰ ਨਿਰੰਤਰ ਯਤਨ ਕਰਨੇ ਚਾਹੀਦੇ ਹਨ। ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਅਜਿਹੀਆਂ ਸਮੀਖਿਆ ਬੈਠਕਾਂ ਦੇ ਮਹੱਤਵ ’ਤੇ ਜ਼ੋਰ ਦਿੱਤਾ ਤਾਂ ਕਿ ਮੱਤਦਾਤਾਵਾਂ ’ਤੇ ਆਧਾਰਤ ਸੇਵਾਵਾਂ ਪਹਿਲ ਦੇ ਆਧਾਰ ’ਤੇ ਤੇਜ਼ੀ ਨਾਲ ਦਿੱਤੀਆਂ ਜਾ ਸਕਣ। ਇਹ ਕਾਨਫਰੰਸ ਮੁੱਖ ਤੌਰ ’ਤੇ ਸੁਚਾਰੂ ਤੇ ਮੱਤਦਾਤਾ ਅਨੁਕੂਲ ਸੇਵਾਵਾਂ ਦੇਣ, ਮੱਤਦਾਤਾ ਸੂਚੀ ਨੂੰ ਅੱਪਡੇਟ ਕਰਨ, ਮੀਡੀਆ ਤੇ ਸੰਚਾਰ ਰਣਨੀਤੀ, ਕਾਨੂੰਨੀ ਮੁੱਦਿਆਂ, ਈਵੀਐੱਮ ਤੇ ਵੀਵੀਪੈਟ ’ਤੇ ਕੇਂਦਰਿਤ ਸੀ। -ਪੀਟੀਆਈ