ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਤੁਹਾਨੂੰ ਦੱਸਦਾ ਹੈ ਕਿ ਉਹ ਮੁੜ ਫ਼ਿਲਮ ‘ਲਗਾਨ’ ਬਣਾਉਣ ਦਾ ਵੱਡਾ ਤਜਰਬਾ ਕਰਨ ਦੀ ਕਲਪਨਾ ਨਹੀਂ ਕਰੇਗਾ। ਅੱਜ ਫ਼ਿਲਮ ‘ਲਗਾਨ’ ਨੂੰ ਰਿਲੀਜ਼ ਹੋਇਆਂ ਦੋ ਦਹਾਕੇ ਹੋ ਗਏ ਹਨ। ਪ੍ਰੋਡਿਊਸਰ ਵਜੋਂ ਆਮਿਰ ਦੀ ਇਹ ਪਹਿਲੀ ਫ਼ਿਲਮ ਸੀ, ਜਿਸ ਨੇ ਸਿਨੇਮਾ ਘਰਾਂ ਵਿੱਚ ਖ਼ੂਬ ਧਮਾਲ ਪਾਈ ਅਤੇ ਉਸ ਦੀ ਝੋਲੀ ਆਸਕਰ ਪੁਰਸਕਾਰ ਪਿਆ। ਆਮਿਰ ਖਾਨ ਨੇ ਆਖਿਆ,‘‘ਜੇਕਰ ਤੁਸੀਂ ਮੈਨੂੰ ਦੁਬਾਰਾ ਫ਼ਿਲਮ ‘ਲਗਾਨ’ ਬਣਾਉਣ ਲਈ ਕਹੋਗੇ ਤਾਂ ਮੈਂ ਇਸ ਦੀ ਕੋਸ਼ਿਸ਼ ਵੀ ਨਹੀਂ ਕਰਾਂਗਾ। ਮੇਰੇ ’ਚ ਹੁਣ ਮੁੜ ‘ਲਗਾਨ’ ਬਣਾਉਣ ਦੀ ਹਿੰਮਤ ਨਹੀਂ ਰਹੀ।’’ ‘ਲਗਾਨ’ ਅਧਿਕਾਰਤ ਤੌਰ ’ਤੇ ਭਾਰਤ ਦੀ ਤੀਜੀ ਫ਼ਿਲਮ ਸੀ ਜਿਹੜੀ ਆਸਕਰ ਦੀ ‘ਬੈਸਟ ਫੌਰਨ ਫੀਚਰ ਫ਼ਿਲਮ’ ਦੀ ਸ਼੍ਰੇਣੀ ਵਿੱਚ ਚੁਣੀ ਗਈ ਸੀ। ਹਾਲਾਂਕਿ ਆਮਿਰ ਖਾਨ ਮੰਨਦਾ ਹੈ ਕਿ ਇਹ ਸ਼ਾਨਦਾਰ ਸਫ਼ਰ ਉਸ ਲਈ ਕਾਫੀ ਮੁਸ਼ਕਲ ਰਿਹਾ ਅਤੇ ਉਸ ਨੇ ਕੁਝ ਨਾ-ਭੁੱਲਣਯੋਗ ਗੱਲਾਂ ਯਾਦ ਕੀਤੀਆਂ। ਆਮਿਰ ਨੇ ਆਖਿਆ,‘‘ਮੈਂ ਸਮਝਦਾਂ ਮੇਰੇ ਲਈ ਯਾਦਗਾਰ ਪਲ ਇਹ ਸੀ ਕਿ ਪ੍ਰੋਡਿਊਸਰ ਵਜੋਂ ਇਹ ਮੇਰੀ ਪਹਿਲੀ ਫ਼ਿਲਮ ਸੀ। ਮੇਰੇ ਤਾਇਆ ਨਾਸਿਰ ਹੁਸੈਨ ਨਾਲ ਮੈਂ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕੀਤਾ ਤੇ ਉਹ ਮੇਰੇ ਬੌਸ ਵਾਂਗ ਸਨ। ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ। ਉਹ ਪ੍ਰੋਡਿਊਸਰ-ਡਾਇਰੈਕਟਰ ਸਨ। ਮੇਰੇ ਪਿਤਾ ਤਾਹਿਰ ਹੁਸੈਨ ਵੀ ਪ੍ਰੋਡਿਊਸਰ-ਡਾਇਰੈਕਟਰ ਸਨ। ਜਦੋਂ ਫ਼ਿਲਮ ‘ਲਗਾਨ’ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਤਾਂ ਉਸ ਦਿਨ ਮੇਰੇ ਤਾਇਆ ਤੇ ਤਾਈ, ਮੇਰੇ ਮਾਤਾ-ਪਿਤਾ, ਮੇਰੀ ਦਾਦੀ ਅਤੇ ਰੀਨਾ ਦੇ ਮਾਪੇ ਉਥੇ ਪਹੁੰਚੇ ਹੋਏ ਸਨ। ਇਹ ਪਹਿਲਾ ਦਿਨ ਸੀ ਜਦੋਂ ਮੇਰੇ ਮਾਤਾ-ਪਿਤਾ ਤੇ ਤਾਇਆ-ਤਾਈ, ਜਿਨ੍ਹਾਂ ਨੇ ਮੈਨੂੰ ਵੱਡੇ ਹੁੰਦਿਆਂ ਦੇਖਿਆ ਹੈ, ਉਹ ਮੈਨੂੰ ਫ਼ਿਲਮ ਪ੍ਰੋਡਿਊਸ ਕਰਦੇ ਹੋਏ ਦੇਖ ਰਹੇ ਸਨ।’’ -ਆਈਏਐੱਨਐੈੱਸ