ਜਗਜੀਤ ਸਿੰਘ
ਮੁਕੇਰੀਆਂ, 16 ਜੂਨ
ਵਾਰਡ ਨੰਬਰ 11 ਅੰਦਰ ਅਣ-ਅਧਿਕਾਰਤ ਕਲੋਨੀ ਕੱਟਕੇ ਅੱਗੇ ਅਣ-ਅਧਿਕਾਰਤ ਰਸਤਾ ਖੋਲ੍ਹਣ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਨੇ ਝੰਡਾ ਚੁੱਕ ਲਿਆ ਹੈ। ਦੱਸਣਯੋਗ ਹੈ ਕਿ ਅਕਾਲੀ ਦਲ ਦੀ ਸ਼ਹਿਰ ਅੰਦਰ ਇੱਕੋ ਕੌਂਸਲਰ ਹੈ ਜੋ ਠੇਕੇਦਾਰਾਂ ਵੱਲੋਂ ਵਰਤੇ ਜਾ ਰਹੇ ਘਟੀਆ ਮਟੀਰੀਅਲ ਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਲੜ ਰਹੀ ਹੈ।
ਕੌਂਸਲਰ ਪੂਨਮ ਰੱਤੂ ਨੇ ਡਿਪਟੀ ਕਮਿਸ਼ਨਰ ਸਮੇਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਕੇਰੀਆਂ ਮਿਉਂਸਿਪਲ ਕਮੇਟੀ ਦੀ ਹਦੂਦ ਅੰਦਰ ਕਈ ਅਣ-ਅਧਿਕਾਰਤ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਵਾਰਡ ਨੰਬਰ 11 ਵਿੱਚ ਇੱਕ ਕਲੋਨੀ ਸ਼ਾਹ ਨਹਿਰ ਕਲੋਨੀ ਦੇ ਨਾਂ ’ਤੇ ਜਲੰਧਰ ਦੇ ਇੱਕ ਵਸਨੀਕ ਤੇ ਭਾਈਵਾਲ ਵੱਲੋਂ 33 ਕਨਾਲ 10 ਮਰਲੇ ਵਿੱਚ 70 ਪਲਾਟਾਂ ਨਾਲ ਕੱਟੀ ਗਈ ਸੀ। ਕਲੋਨੀ ਨੂੰ ਰੈਗੂਲਰਾਈਜ਼ ਕਰਨ ਲਈ ਅਪਲਾਈ ਕੀਤਾ ਸੀ, ਪਰ ਹਾਲੇ ਤੱਕ ਬਣਦੀ ਫੀਸ ਅਦਾ ਨਹੀਂ ਕੀਤੀ ਅਤੇ ਨਾ ਹੀ ਕਲੋਨੀ ਵਿੱਚ ਸਪੈਸ਼ੀਫਿਕੇਸ਼ਨਾਂ ਅਨੁਸਾਰ ਨਾ ਤਾਂ ਸੀਵਰੇਜ, ਵਾਟਰ ਸਪਲਾਈ, ਲਾਈਟਾਂ ਲਗਾਉਣ ਅਤੇ ਨਾ ਹੀ ਸੜਕਾਂ ਬਣਾਉਣ ਦਾ ਕੰਮ ਕੀਤਾ ਗਿਆ ਹੈ। ਕਲੋਨਾਈਜ਼ਰ ਵੱਲੋਂ ਬਣਦੀ ਫੀਸ ਅਦਾ ਨਾ ਕਰ ਕੇ ਸਰਕਾਰ ਦਾ ਵੀ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ, ਪਰ ਹਲਕੇ ਅੰਦਰ ਭ੍ਰਿਸ਼ਟਾਚਾਰ ਫੈਲਿਆ ਹੋਣ ਕਰਕੇ ਮਿਉਂਸਿਪਲ ਕਮੇਟੀ ਸਮੇਤ ਹੋਰ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਕਲੋਨੀ ਵਿੱਚ ਪੈਂਦੇ ਪਲਾਟ ਵਿੱਚੋਂ ਅਣ-ਅਧਿਕਾਰਤ ਰਸਤਾ ਇੱਕ ਦੂਜੀ ਹੋਰ ਧਿਰ ਨੂੰ ਮੋਟੀ ਰਕਮ ਲੈ ਕੇ ਖੋਲ੍ਹ ਦਿੱਤਾ ਗਿਆ ਹੈ। ਕੌਂਸਲਰ ਨੇ ਮੰਗ ਕੀਤੀ ਕਿ ਕੱਟੀ ਗਈ ਕਲੋਨੀ ਦੇ ਰੈਗੂਲਰਾਈਜ਼ ਹੋਣ ਤੋਂ ਪਹਿਲਾਂ ਪਲਾਟਾਂ ਦੀ ਵਿਕਰੀ ’ਤੇ ਰੋਕ ਲਗਾਈ ਜਾਵੇ, ਤਹਿਸੀਲਦਾਰ ਨੂੰ ਇੱਥੇ ਪਲਾਟਾਂ ਦੀਆਂ ਰਸਿਜਟਰੀਆਂ ਕਰਨ ਤੋਂ ਰੋਕਣ ਦੀ ਹਦਾਇਤ ਕਰ ਕੇ ਕਲੋਨੀ ਵਿੱਚੋਂ ਨਿਯਮਾਂ ਦੇ ਉਲਟ ਅੱਗੇ ਦੇਣ ‘ਤੇ ਰੋਕ ਲਗਾਈ ਜਾਵੇ।
ਕਲੋਨੀ ਕੱਟਣ ਵਾਲੇ ਦੀਪਕ ਵਰਮਾ ਨੇ ਦਾਅਵਾ ਕੀਤਾ ਕਿ ਉਹ ਨਿਯਮਾਂ ਅਨੁਸਾਰ ਹੀ ਕਲੋਨੀ ਕੱਟ ਰਹੇ ਹਨ ਅਤੇ ਉਨ੍ਹਾਂ ਕੋਈ ਅਣ-ਅਧਿਕਾਰਤ ਰਸਤਾ ਅੱਗੇ ਨਹੀਂ ਦਿੱਤਾ। ਉਹ ਫੀਸ ਜਮ੍ਹਾਂ ਕਰਵਾ ਚੁੱਕੇ ਹਨ ਅਤੇ ਸਮੇਂ-ਸਮੇਂ ’ਤੇ ਬਣਦੀ ਰਾਸ਼ੀ ਜਮ੍ਹਾਂ ਕਰਵਾ ਰਹੇ ਹਨ।
ਕਲੋਨੀ ਮਾਲਕ ਨੂੰ ਨੋਟਿਸ ਭੇਜਿਆ: ਈਓ
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕਰਮਿੰਦਰ ਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਸਬੰਧਤ ਕਲੋਨੀ ਰੈਗੂਲਰਾਈਜ਼ ਨਹੀਂ ਹੈ ਅਤੇ ਉਨ੍ਹਾਂ ਕਲੋਨੀ ਮਾਲਕ ਨੂੰ ਨੋਟਿਸ ਭੇਜ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਲੋਨੀ ਵਿੱਚੋਂ ਅੱਗੇ ਦਿੱਤੇ ਜਾਣ ਵਾਲੇ ਰਸਤੇ ਲਈ ਕੋਈ ਕਾਰਵਾਈ ਨਹੀਂ ਕਰ ਸਕਦੇ, ਸਬੰਧਤ ਲੋਕ ਜ਼ਿੰਮੇਵਾਰ ਹਨ।