ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੂਨ
ਮੁਲਾਜ਼ਮ ਮੰਗਾਂ ਨੂੰ ਅਣਦੇਖਾ ਕਰਨ ਦੇ ਵਿਰੋਧ ਵਿੱਚ ਸੀਟੀਯੂ ਵਰਕਰਜ਼ ਯੂਨੀਅਨ, ਸੀਟੀਯੂ ਕੰਡਕਟਰਜ਼ ਯੂਨੀਅਨ, ਸੀਟੀਯੂ ਐਂਪਲਾਈਜ਼ ਯੂਨੀਅਨ ਤੇ ਸੀਟੀਯੂ ਐਸ.ਸੀ./ਬੀ.ਸੀ. ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਅੱਜ ਡਵੀਜ਼ਨਲ ਮੈਨੇਜਰ ਦਫ਼ਤਰ ਅੱਗੇ ਯੂਟੀ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਵੱਲੋਂ 24 ਜੂਨ ਨੂੰ ਸੀਟੀਯੂ ਬੱਸਾਂ ਦੇ ਚੱਕਾ ਜਾਮ ਕੀਤੇ ਜਾਣ ਬਾਰੇ ਲਾਮਬੰਦੀ ਵੀ ਕੀਤੀ ਗਈ।
ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਸਤਿੰਦਰ ਸਿੰਘ, ਚਰਨਜੀਤ ਸਿੰਘ ਤੇ ਤੇਜਵੀਰ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ ਕੰਡਮ ਬੱਸਾਂ ਦੀ ਥਾਂ ਨਵੀਆਂ 41 ਐਚ.ਵੀ.ਏ.ਸੀ. ਬੱਸਾਂ ਦੇ ਟੈਂਡਰ ਨੂੰ ਰੋਕ ਕੇ ਬੇਇਨਸਾਫ਼ੀ ਕੀਤੀ ਜਾ ਰਹੀਂ ਹੈ। ਕੇਂਦਰ ਸਰਕਾਰ ਵੱਲੋਂ ਕੰਡਮ ਬੱਸਾਂ ਦੀ ਥਾਂ ਨਵੀਆਂ ਬੱਸਾਂ ਖਰੀਦਣ ਲਈ ਬਜਟ ਜਾਰੀ ਕੀਤਾ ਗਿਆ ਹੈ ਪਰ ਯੂਟੀ ਪ੍ਰਸ਼ਾਸਨ ਆਪਣੇ ਲਾਭ ਲਈ ਪ੍ਰਾਈਵੇਟ ਕੰਪਨੀ ਤੋਂ ਕਿਲੋਮੀਟਰ ਸਕੀਮ ਵਿੱਚ ਬਿਜਲੀ ਬੱਸਾਂ ਲੈਣ ਲਈ ਤਰਲੋਮੱਛੀ ਹੋਇਆ ਪਿਆ ਹੈ। ਨਵੀਆਂ ਖਰੀਦੀਆਂ ਜਾਣ ਵਾਲੀਆਂ ਬਿਜਲੀ ਬੱਸਾਂ ਜਿਨ੍ਹਾਂ ਵਿੱਚੋਂ ਇੱਕ ਬੱਸ ਦੀ ਕੀਮਤ ਦੋ ਕਰੋੜ ਰੁਪਏ ਹੈ, ਵਿੱਚ ਕੇਵਲ 22 ਸਵਾਰੀਆਂ ਹੀ ਸਫ਼ਰ ਕਰ ਸਕਦੀਆਂ ਹਨ ਤੇ ਜਿਹੜੀਆਂ ਸੀਟੀਯੂ ਦੀਆਂ ਬੱਸਾਂ ਲਈ ਬਜਟ ਮਿਲਿਆ ਹੈ, ਉਨ੍ਹਾਂ ਬੱਸਾਂ ਦੀ ਕੀਮਤ ਕੇਵਲ 35 ਜਾਂ 40 ਲੱਖ ਹੈ ਜਿਸ ’ਚ 52 ਤੋਂ 60 ਸਵਾਰੀਆਂ ਬੈਠ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਸੀਟੀਯੂ ਅਦਾਰੇ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 250 ਡਰਾਈਵਰਾਂ, 250 ਕੰਡਕਟਰਾਂ ਤੇ 200 ਦੇ ਕਰੀਬ ਵਰਕਸ਼ਾਪ ਦੇ ਕਾਮਿਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਪਰ ਭਰਤੀ ਨਹੀਂ ਕੀਤੀ ਜਾ ਰਹੀ ਹੈ।