ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੀ ਬਾਣੀ ਅਤੇ ਜੀਵਨ ’ਤੇ ਆਧਾਰਿਤ ਲੜੀ ‘ਧਨੁ ਲੇਖਾਰੀ ਨਾਨਕਾ’ ਤਹਿਤ ਛੇਵਾਂ ਸਮਾਗਮ ਗੁਰਦੁਆਰਾ ਗੁਰੂ ਸਿੰਘ ਸਭਾ ਭਗਤ ਸਿੰਘ ਪਾਰਕ (ਰੋਹਿਣੀ) ਵਿੱਚ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ।
ਇਸ ਦੌਰਾਨ
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਹ ਸਮਾਗਮ ਨੌਵੇਂ ਗੁਰੂ ਤੇਗ ਬਹਾਦਰ ਵੱਲੋਂ ਰਚਿਤ ਬਾਣੀ ’ਚੋਂ ਕੀਰਤਨ ਅਤੇ ਪ੍ਰਮੁੱਖ ਸਿਧਾਂਤਾਂ ਦੀ ਵਿਆਖਿਆ ’ਤੇ ਆਧਾਰਿਤ ਸੀ। ਸਮਾਗਮ ’ਚ ਭਾਈ ਗੁਰਫਤਿਹ ਸਿੰਘ ਸ਼ਾਂਤ, ਬਾਬਾ ਸੁਰਜੀਤ ਸਿੰਘ ਘਨੂੜਕੀ ਅਤੇ ਗਿਆਨੀ ਮਿਲਖਾ ਸਿੰਘ ਢਾਡੀ ਜਥਾ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ। ਸ੍ਰੀ ਕਰਮਸਰ ਨੇ ਕਿਹਾ ਕਿ ਦਿੱਲੀ ’ਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਪੱਧਰ ’ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ’ਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਵੱਖ-ਵੱਖ ਕੀਰਤਨੀਆਂ, ਪ੍ਰਚਾਰਕਾਂ ਅਤੇ ਬੁਲਾਰਿਆਂ ਵੱਲੋਂ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਦੀ ਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਤੋਂ ਇਲਾਵਾ ਸੁਖਬੀਰ ਸਿੰਘ ਕਾਲੜਾ, ਵਿਕਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।