ਨਵੀਂ ਦਿੱਲੀ, 7 ਸਤੰਬਰ
ਮੁੱਖ ਅੰਸ਼
- ਸੀਪੀਆਈ-ਐਮਐਲ ਦੇ ਆਗੂ ਦੀਪਾਂਕਰ ਭੱਟਾਚਾਰੀਆ ਨਾਲ ਵੀ ਕੀਤੀ ਮੁਲਾਕਾਤ
- ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਮੁੜ ਦਿੱਲੀ ਆਉਣਗੇ ਨਿਤੀਸ਼
ਭਾਜਪਾ ਖ਼ਿਲਾਫ਼ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਵਿਚ ਜੁਟੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਇੱਥੇ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਤੇ ਸੀਪੀਆਈ-ਐਮਐਲ ਦੇ ਆਗੂ ਦੀਪਾਂਕਰ ਭੱਟਾਚਾਰੀਆ ਨਾਲ ਮੁਲਾਕਾਤ ਕੀਤੀ। ਪਵਾਰ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਇਸ ਵੇਲੇ 2024 ਦੀਆਂ ਲੋਕ ਸਭਾ ਚੋਣਾਂ ਲਈ ਇਕਜੁੱਟ ਹੋਣ ਦੀ ਲੋੜ ਹੈ, ਆਗੂ ਬਾਰੇ ਫ਼ੈਸਲਾ ਬਾਅਦ ਵਿਚ ਵੀ ਕੀਤਾ ਜਾ ਸਕਦਾ ਹੈ। ਵਿਰੋਧੀ ਧਿਰਾਂ ਦੇ ਗੱਠਜੋੜ ਬਾਰੇ ਨਿਤੀਸ਼ ਨੇ ਅੱਜ ਸ਼ਰਦ ਪਵਾਰ ਨਾਲ ਵਿਸਥਾਰ ਵਿਚ ਗੱਲਬਾਤ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਲੋਕਾਂ ਨੂੰ ਭਾਜਪਾ ਦਾ ਬਦਲ ਦੇਣ ਦਾ ਸਮਾਂ ਆ ਗਿਆ ਹੈ ਕਿਉਂਕਿ ਸੱਤਾਧਾਰੀ ਪਾਰਟੀ ਲੋਕਾਂ ਲਈ ਕੁਝ ਨਹੀਂ ਕਰ ਰਹੀ। ਨਿਤੀਸ਼ ਨੇ ਕਿਹਾ ਕਿ ਪਵਾਰ ਤੇ ਉਹ ਉਨ੍ਹਾਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਭਾਜਪਾ ਦੇ ਨਾਲ ਨਹੀਂ ਹਨ। ਉਨ੍ਹਾਂ ਸਾਰੀਆਂ ਗ਼ੈਰ-ਭਾਜਪਾ ਪਾਰਟੀਆਂ ਨੂੰ ਇਕਜੁੱਟ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ‘ਮੁੱਖ ਫਰੰਟ’ ਬਣਨਾ ਚਾਹੀਦਾ ਹੈ ਨਾ ਕਿ ‘ਤੀਜਾ ਫਰੰਟ’। ਜ਼ਿਕਰਯੋਗ ਹੈ ਕਿ ਨਿਤੀਸ਼ ਦਿੱਲੀ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਆਏ ਸਨ ਤੇ ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਇਨ੍ਹਾਂ ਵਿਚ ਰਾਹੁਲ ਗਾਂਧੀ, ਸੀਤਾਰਾਮ ਯੇਚੁਰੀ, ਡੀ. ਰਾਜਾ, ਅਰਵਿੰਦ ਕੇਜਰੀਵਾਲ, ਓਮ ਪ੍ਰਕਾਸ਼ ਚੌਟਾਲਾ, ਮੁਲਾਇਮ ਤੇ ਅਖਿਲੇਸ਼ ਯਾਦਵ ਸ਼ਾਮਲ ਹਨ। ਨਿਤੀਸ਼ ਨੇ ਕਿਹਾ ਕਿ ਉਹ ਦੁਬਾਰਾ ਦਿੱਲੀ ਆਉਣਗੇ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣਗੇ ਜੋ ਇਸ ਵੇਲੇ ਵਿਦੇਸ਼ ’ਚ ਹਨ। ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਦਿੱਲੀ ਵਿਚ ਸਾਰਿਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਵਿਚੋਂ ਕਈਆਂ ਨੇ ਐੱਨਡੀਏ ਵਿਚੋਂ ਬਾਹਰ ਆਉਣ ’ਤੇ ਉਨ੍ਹਾਂ (ਨਿਤੀਸ਼) ਦਾ ਧੰਨਵਾਦ ਕੀਤਾ ਹੈ। ਦੀਪਾਂਕਰ ਭੱਟਾਚਾਰੀਆ ਨਾਲ ਮੁਲਾਕਾਤ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਆਗੂ ਹਰ ਸੂਬੇ ਵਿਚ ਏਕੇ ਦਾ ਚਾਹਵਾਨ ਹੈ ਤੇ ਆਉਣ ਵਾਲੇ ਦਿਨਾਂ ਵਿਚ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣੇਗਾ। ਨਿਤੀਸ਼ ਨੇ ਕਿਹਾ ਕਿ ਬਿਹਾਰ ਵਿਚ ਸੱਤ ਸਿਆਸੀ ਧਿਰਾਂ ਗੱਠਜੋੜ ਕਰ ਕੇ ਸਰਕਾਰ ਚਲਾ ਰਹੀਆਂ ਹਨ, ਦੂਜੇ ਪਾਸੇ ਇਕੱਲੀ ਭਾਜਪਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਖੱਬੇ ਪੱਖੀ ਧਿਰਾਂ ਦੇ ਵੀ 16 ਵਿਧਾਇਕ ਹਨ। -ਪੀਟੀਆਈ
‘ਮੌਕਾਪ੍ਰਸਤ ਗੱਠਜੋੜ’ ’ਤੇ ਦੇਸ਼ ਭਰੋਸਾ ਨਹੀਂ ਕਰੇਗਾ: ਪ੍ਰਸਾਦ
ਭਾਜਪਾ ਨੇ ਜੇਡੀ (ਯੂ) ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਅਜਿਹੇ ‘ਮੌਕਾਪ੍ਰਸਤ’ ਗੱਠਜੋੜਾਂ ਤੋਂ ਅੱਗੇ ਵੱਧ ਚੁੱਕਾ ਹੈ ਤੇ ਹੁਣ ਪੂਰੀ ਮਜ਼ਬੂਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਜਿਹੇ ਗੱਠਜੋੜ ਉਤੇ ਭਰੋਸਾ ਨਹੀਂ ਕਰੇਗਾ। ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਨਿਤੀਸ਼ ਦੇ ਦਿੱਲੀ ਦੌਰੇ ਨੂੰ ‘ਸਿਆਸੀ ਤੀਰਥ ਯਾਤਰਾ’ ਕਰਾਰ ਦਿੱਤਾ। ਭਾਜਪਾ ਆਗੂ ਨੇ ਕਿਹਾ ਕਿ ਨਿਤੀਸ਼ ਦਾ ਸਿਆਸੀ ਕਰੀਅਰ ਸਾਫ਼-ਸੁਥਰਾ ਰਿਹਾ ਹੈ, ਪਰ ਹੁਣ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੀਆਂ ਪਾਰਟੀਆਂ ਨਾਲ ਮਿਲ ਰਹੇ ਹਨ। -ਪੀਟੀਆਈ