ਜੋਗਿੰਦਰ ਸਿੰਘ ਮਾਨ
ਮਾਨਸਾ, 18 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੇ ਖਿਲਾਫ ਮਾਨਸਾ ਦੇ ਰੇਲਵੇ ਪਲੇਟਫਾਰਮ ਉੱਤੇ ਰੈਲੀ ਕਰਨ ਮਗਰੋਂ ਬੱਸ ਸਟੈਂਡ ਤੱਕ ਸ਼ਹਿਰ ਵਿੱਚ ਮੋਦੀ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।
ਰੈਲੀ ਦੌਰਾਨ ਜਥੇਬੰਦੀ ਦੇ ਸੂਬਾਈ ਆਗੂ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦਾ ਸਾਰਾ ਕਾਰੋਬਾਰ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕਰ ਰਹੀ ਹੈ ਜਿਸ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਬੁੱਧੀਜੀਵੀ ਸਰਕਾਰ ਦੇ ਫੈਸਲਿਆਂ ਖਿਲਾਫ ਸੰਘਰਸ਼ ਕਰਨ ਦਾ ਹੋਕਾ ਦੇ ਰਹੇ ਹਨ।
ਕਿਸਾਨ ਆਗੂ ਭੁਟਾਲ ਨੇ ਮੰਗ ਕੀਤੀ ਕਿ ਸਾਰੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਬੋਲਣ, ਲਿਖਣ ਦੀ ਮਿਲੀ ਆਜ਼ਾਦੀ ਬਹਾਲ ਕੀਤੀ ਜਾਵੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨੀ ਵਿਰੁੱਧ ਲਿਆਂਦੇ ਤਿੰਨ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ ਪਿਛਲੇ ਸਾਢੇ 6 ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਅਤੇ ਔਰਤਾਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਮੋਰਚੇ ਦੀ ਗਿਣਤੀ ਵੱਡੀ ਪੱਧਰ ’ਤੇ ਵਧੇਗੀ ਅਤੇ ਕੇਂਦਰ ਸਰਕਾਰ ਨੂੰ ਫੈਸਲੇ ਬਦਲਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ, ਜਗਦੇਵ ਸਿੰਘ, ਸਾਧੂ ਸਿੰਘ, ਸੁਖਦੇਵ ਸਿੰਘ ਗੋਰਖਨਾਥ, ਜੱਗਾ ਸਿੰਘ ਜਟਾਣਾ, ਜਗਸੀਰ ਸਿੰਘ ਜਵਾਹਰਕੇ, ਸਰੋਜ ਰਾਣੀ ਦਿਆਲਪੁਰਾ, ਜਸਵਿੰਦਰ ਕੌਰ ਝੇਰਿਆਂਵਾਲੀ, ਰਾਣੀ ਕੌਰ ਭੰਮੇ, ਟੀ.ਐਸ.ਯੂ. ਸਤਵਿੰਦਰ ਸਿੰਘ, ਜਸਪਾਲ ਅਤਲਾ ਨੇ ਵੀ ਸੰਬੋਧਨ ਕੀਤਾ।
ਬਰਨਾਲਾ (ਪ੍ਰਸ਼ੋਤਮ ਬੱਲੀ): ਭਾਰਤੀ ਕਿਸਾਨ ਏਕਤਾ ਉਗਰਾਹਾਂ ਦੀ ਬਰਨਾਲਾ ਜ਼ਿਲ੍ਹਾ ਇਕਾਈ ਨੇ ਡੀਸੀ ਦਫ਼ਤਰ ਬਰਨਾਲਾ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਦੇ ਕੇ ਭੀਮਾ ਕੋਰੇਗਾਓਂ ਦੇ ਝੂਠੇ ਮਨਘੜਤ ਸੰਗੀਨ ਕੇਸਾਂ ਵਿੱਚ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਦੀ ਬਿਨਾਂ ਸ਼ਰਤ ਰਿਹਾਈ ਮੰਗੀ। ਇਸ ਤੋਂ ਪਹਿਲਾਂ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾ ਝਾੜ ਆਦਿ ਨੇ ਕਿਹਾ ਕਿ 82-83 ਸਾਲਾਂ ਦੇ ਬਜ਼ੁਰਗ ਅਤੇ 90 ਫ਼ੀਸਦੀ ਅਪਾਹਜ ਲੋਕਾਂ ਨੂੰ ਵੀ ਜੇਲ੍ਹਾਂ ਵਿੱਚ ਬਿਨਾਂ ਸੰਭਾਲ ਤੋਂ ਸਰੀਰਕ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਰ ਉੱਠ ਰਹੀ ਵਿਰੋਧੀ ਆਵਾਜ਼ ਨੂੰ ਕੁਚਲਣ ਦਾ ਮੋਦੀ ਹਕੂਮਤ ਨੇ ਫ਼ਾਸ਼ੀਵਾਦੀ ਤਾਨਾਸ਼ਾਹੀ ਰਾਹ ਫ਼ੜਿਆ ਹੋਇਆ ਹੈ। ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਮੋਰਚਿਆਂ ਵਿੱਚ ਡਟੇ ਹੋਏ ਦੇਸ਼ ਭਰ ਦੇ ਲੱਖਾਂ ਕਿਸਾਨਾਂ ਮਜ਼ਦੂਰਾਂ ਦੇ ਡਟਵੇਂ ਹਿਮਾਇਤੀ ਲਲਕਾਰੇ ਨਾਲ ਇਨ੍ਹਾਂ ਬੇਖੌਫ ਜਮਹੂਰੀ ਕਾਰਕੁਨਾਂ ਦੀ ਗਹਿਗੱਡਵੀਂ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ।