ਭਗਵਾਨ ਦਾਸ ਸੰਦਲ
ਦਸੂਹਾ, 31 ਅਕਤੂਬਰ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ ਨੇੜੇ ਬੀਤੇ ਦਿਨ ਸ਼ਹੀਦ ਹੋਏ ਪਿੰਡ ਖੇੜਾ ਕੋਟਲੀ ਦੇ ਜਵਾਨ ਮਨਜੀਤ ਸਿੰਘ (26) ਦਾ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਹੋਵੇਗਾ। ਜਾਣਕਾਰੀ ਮੁਤਾਬਕ ਭਾਰਤੀ ਫ਼ੌਜ ਵੱਲੋਂ ਜੰਮੂ ਕਸ਼ਮੀਰ ਦੇ ਸਰਹੱਦੀ ਜੰਗਲੀ ਖੇਤਰਾਂ ’ਚੋਂ ਦਹਿਸ਼ਤਗਰਦਾਂ ਨੂੰ ਲੱਭਣ ਲਈ ਵਿੱਢੀ ਗਈ ਮੁਹਿੰਮ ਤਹਿਤ ਜਵਾਨਾਂ ਦੀ ਇੱਕ ਟੁਕੜੀ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਬਾਰੂਦੀ ਸੁਰੰਗ ਧਮਾਕੇ ਵਿੱਚ ਇੱਕ ਲੈਫਟੀਨੈਂਟ ਸਮੇਤ ਸਿਪਾਹੀ ਮਨਜੀਤ ਸਿੰਘ ਸ਼ਹੀਦ ਹੋ ਗਏ। ਪਿੰਡ ਦੇ ਮੋਹਤਬਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਸ਼ਹੀਦ ਮਨਜੀਤ ਸਿੰਘ ਦੀ ਦੇਹ ਅੱਜ ਦੇਰ ਸ਼ਾਮ ਸ੍ਰੀਨਗਰ ਤੋਂ ਪਠਾਨਕੋਟ ਪੁੱਜੇਗੀ। ਇੱਥੋਂ ਸੜਕੀ ਮਾਰਗ ਰਾਹੀਂ ਦੇਹ ਖੇੜਾ ਕੋਟਲੀ ਲਿਆ ਕੇ ਪਹਿਲੀ ਨਵੰਬਰ ਨੂੰ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਦਿਆਂ ਜਵਾਨ ਵੱਲੋਂ ਵਿਖਾਈ ਗਈ ਸਮਰਪਿਤ ਭਾਵਨਾ ਸਾਥੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਉਣ ਲਈ ਪ੍ਰੇਰਦੀ ਰਹੇਗੀ। 17 ਸਿੱਖ ਰੈਜੀਮੈਂਟ ਨਾਲ ਸਬੰਧਤ ਸਿਪਾਹੀ ਮਨਜੀਤ ਸਿੰਘ ਦਾ ਹਾਲੇ ਵਿਆਹ ਨਹੀਂ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਮਾਤਾ-ਪਿਤਾ, ਚਾਰ ਭੈਣਾਂ ਅਤੇ ਇੱਕ ਭਰਾ ਹੈ।