ਮੁਕੰਦ ਸਿੰਘ ਚੀਮਾ
ਸੰਦੌੜ, 9 ਸਤੰਬਰ
ਜ਼ਿਲ੍ਹਾ ਮਾਲਰਕੋਟਲਾ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ 100 ਫੀਸਦ ਪੇਂਡੂ ਘਰਾਂ ਨੂੰ ਸਾਫ ਜਲ ਮਹੁੱਈਆ ਕਰਵਾਉਣ ਦੇ ਟੀਚੇ ਨੂੰ ਸਰ ਕਰਕੇ ਵਾਹ ਵਾਹ ਖੱਟੀ ਹੈ ਅਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮਹਿਕਮੇ ਦੇ ਅਧਿਕਾਰੀਆਂ ਦੀ ਪਿੱਠ ਥਾਪੜੀ ਸੀ। ਇਸ ਦੇ ਉਲਟ ਕਸਬਾ ਸੰਦੌੜ ਦੇ ਲੋਕ ਪਿਛਲੇ 17 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਉਡੀਕ ਰਹੇ ਹਨ।
ਸੰਦੌੜ ਵਿੱਚ ਪਾਣੀ ਵਾਲੀ ਟੈਂਕੀ ਦੇ ਬੋਰ ਨੂੰ ਖਰਾਬ ਹੋਏ ਨੂੰ 17 ਦਿਨ ਹੋ ਚੁੱਕੇ ਹਨ। ਲੋਕ ਮੁਸ਼ਕਲ ਨਾਲ ਪਾਣੀ ਦਾ ਜੁਗਾੜ ਕਰ ਰਹੇ ਹਨ। ਦੋ ਹਫਤੇ ਪਹਿਲਾਂ ਸੰਦੌੜ ਵਿੱਚ ਪਾਣੀ ਵਾਲੀ ਟੈਂਕੀ ਦਾ ਬੋਰ ਖਰਾਬ ਹੋ ਗਿਆ ਸੀ। ਉਸੇ ਦਿਨ ਹੀ ਪੰਚਾਇਤ ਨੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ। ਵਿਭਾਗ ਦਾ ਕਹਿਣਾ ਹੈ ਕਿ ਨਵੇਂ ਬੋਰ ਲਈ ਪਾਣੀ ਦਾ ਸੈਂਪਲ ਲੈਬਾਰਟਰੀ ਨੂੰ ਭੇਜ ਚੁੁੱਕੇ ਹਨ। ਜ਼ਿਕਰਯੋਗ ਹੈ ਕਿ 4 ਹਜ਼ਾਰ ਦੀ ਆਬਾਦੀ ਵਾਲੇ ਕਸਬਾ ਸੰਦੌੜ ਵਿੱਚ 450 ਦੇ ਕਰੀਬ ਪਾਣੀ ਦੇ ਕੁਨੈਕਸ਼ਨ ਹਨ। ਲੋਕਾਂ ਦਾ ਰੋਸ ਹੈ ਕਿ ਸਵੇਰੇ ਉਠ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਾਣੀ ਦਾ ਜੁਗਾੜ ਕਰਨਾ ਪੈਂਦਾ ਹੈ। ਬੱਚਿਆਂ ਨੂੂੰ ਬਿਨਾਂ ਇਸ਼ਨਾਨ ਕਰਵਾਏ ਉਹ ਸਕੂਲ ਭੇਜਣ ਲਈ ਮਜਬੂਰ ਹਨ। ਲੋੜਵੰਦ ਲੋਕ ਸਬਮਰਸੀਬਲ ਵਾਲੇ ਘਰਾਂ ਤੋਂ ਪਾਣੀ ਲਿਆ ਕੇ ਡੰਗ ਟਪਾ ਰਹੇ ਹਨ। ਇਸੇ ਤਰ੍ਹਾਂ ਆਂਗਣਵਾੜੀ ਸੈਂਟਰ, ਡਿਸਪੈਂਸਰੀ, ਸੁਵਿਧਾ ਕੇਂਦਰ ਤੋਂ ਇਲਾਵਾ ਦੁਕਾਨਦਾਰ ਵੀ ਪਾਣੀ ਨੂੰ ਤਰਸ ਰਹੇ ਹਨ। ਸੰਦੌੜ ਦੇ ਕਈ ਪਿੰਡਾਂ ਵਿੱਚ ਆਰਓ ਫਿਲਟਰ ਪਲਾਂਟ ਵੀ ਬੰਦ ਪਏ ਹਨ।
ਨਵੇਂ ਬੋਰ ਲਈ ਮਨਜ਼ੂਰੀ ਮਿਲੀ: ਐੱਸਡੀਓ
ਐੱਸਡੀਓ ਹਨੀ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਾਂ ਬੋਰ ਕਰਵਾਉਣ ਦੀ ਮਨਜ਼ੂਰੀ ਮਿਲ ਗਈ ਹੈ। ਠੇਕੇਦਾਰ ਵੱਲੋਂ ਇਕ ਹਫਤੇ ਵਿਚ ਨਵਾਂ ਬੋਰ ਕਰ ਦਿੱਤਾ ਜਾਵੇਗਾ ਅਤੇ 15 ਤੋਂ 20 ਦਿਨ ਵਿਚ ਪਾਣੀ ਸਪਲਾਈ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਹੀ ਨਵਾਂ ਬੋਰ ਚਾਲੂ ਹੋ ਜਾਵੇਗਾ।