ਕੁਰੂਕਸ਼ੇਤਰ (ਪੱਤਰ ਪ੍ਰੇਰਕ): ਜੀਟੀ ਰੋਡ ’ਤੇ ਪਿੰਡ ਸ਼ਰੀਫਗੜ੍ਹ ਪੁਲ ’ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਭੇਜ ਦਿੱਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਧੰਤੌੜੀ ਵਾਸੀ ਰਾਹੁਲ ਨੇ ਦੱਸਿਆ ਕਿ ਉਸ ਦਾ ਭਰਾ ਜਸਵਿੰਦਰ ਸਿੰਘ ਆਪਣੇ ਦੋ ਬੱਚਿਆਂ ਅਤੇ ਭਤੀਜੇ ਨਾਲ ਮੋਟਰਸਾਈਕਲ ’ਤੇ ਮਾਰਕੰਡਾ ਮੰਦਰ ਨਦੀ ਵਿੱਚ ਗਨਪਤੀ ਵਿਸਰਜਨ ਕਰਕੇ ਵੀਰਵਾਰ ਰਾਤ 8 ਵਜੇ ਦੇ ਕਰੀਬ ਵਾਪਸ ਪਰਤ ਰਹੇ ਸਨ ਤਾਂ ਜੀਟੀ ਰੋਡ ’ਤੇ ਪਿੰਡ ਸ਼ਰੀਫਗੜ੍ਹ ਦੇ ਪੁਲ ’ਤੇ ਉਸ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਜਸਵਿੰਦਰ ਸਿੰਘ (38), ਉਸ ਦਾ ਲੜਕਾ ਸਮਰ ਸੋਢੀ (12), ਬੇਟੀ ਤਾਨੀਆ (10) ਦੀ ਮੌਤ ਹੋ ਗਈ ਅਤੇ ਭਤੀਜਾ ਕੀਰਤ ਸੋਢੀ (8) ਗੰਭੀਰ ਜ਼ਖ਼ਮੀ ਹੋ ਗਿਆ।