ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 9 ਸਤੰਬਰ
ਪੁਲ ਸੰਘਰਸ਼ ਕਮੇਟੀ ਆਦਮਪੁਰ ਵੱਲੋਂ ਨਗਰ ਕੌਂਸਲ ਆਦਮਪੁਰ ਦੇ ਸਹਿਯੋਗ ਨਾਲ ਆਦਮਪੁਰ ਮੁੱਖ ਮਾਰਗ ’ਤੇ ਬਣ ਰਹੇ ਪੁਲ ਦੇ ਦੋਵੇਂ ਪਾਸੇ ਸਰਵਿਸ ਲਾਈਨ ਨਾ ਬਣਾਉਣ ਕਾਰਨ ਪਏ ਡੂੰਘੇ ਟੋਇਆਂ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਕੰਮ ਸੰਘਰਸ਼ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਆਵਲ, ਰਾਜ ਕੁਮਾਰ ਪਾਲ, ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ, ਕੌਂਸਲਰ ਭੁਪਿੰਦਰ ਸਿੰਘ ਭਿੰਦਾ ਦੀ ਦੇਖ ਰੇਖ ਹੋਇਆ। ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੇਂਦਰ, ਪੰਜਾਬ ਸਰਕਾਰ ਦੇ ਮੰਤਰੀਆਂ, ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰਨ ਤੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਇਸ ਨੂੰ ਦੇਖਦਿਆਂ ਹੋਇਆਂ ਸੰਘਰਸ਼ ਕਮੇਟੀ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਟੋਏ ਪੂਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਲਾਈ ਓਵਰਦੇ ਬਣਨ ਵਿਚ ਦੇਰੀ ਕਰਨ ਵਿਚ ਜਿਹੜੇ ਉੱਚ ਅਧਿਕਾਰੀ, ਰਾਜਸੀ ਪਾਰਟੀ ਦੇ ਨੁਮਾਇੰਦੇ ਅਤੇ ਠੇਕੇਦਾਰ ਕਸੂਰਵਾਰ ਹਨ, ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।