ਨਵੀਂ ਦਿੱਲੀ: ਭਾਰਤੀ ਅਤੇ ਚੀਨੀ ਫ਼ੌਜਾਂ ਦੇ ਗੋਗਰਾ-ਹੌਟਸਪ੍ਰਿੰਗਜ਼ ਖੇਤਰ ਵਿੱਚ ਗਸ਼ਤ ਪੁਆਇੰਟ 15 ਤੋਂ ਹਟਣਾ ਸ਼ੁਰੂ ਕਰਨ ਦੇ ਦੋ ਦਿਨ ਮਗਰੋਂ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਸ਼ਨਿਚਰਵਾਰ ਨੂੰ ਪੂਰਬੀ ਲੱਦਾਖ ਵਿੱਚ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਫ਼ੌਜ ਵੱਲੋਂ ਕਿਹਾ ਗਿਆ ਹੈ ਕਿ ਜਨਰਲ ਪਾਂਡੇ ਨੇ ਪਰਵਤ ਪ੍ਰਹਾਰ ਅਭਿਆਸ ਨੂੰ ਦੇਖਿਆ ਅਤੇ ਖੇਤਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ। ਇਸ ਅਭਿਆਸ ਵਿੱਚ ਤੋਪਾਂ ਸਣੇ ਹੋਰ ਪ੍ਰਮੁੱਖ ਅਸਲਾ ਪ੍ਰਣਾਲੀ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਕੀਤੇ ਟਵੀਟ ਵਿੱਚ ਜਨਰਲ ਦੇ ਦੌਰੇ, ਅਭਿਆਸ ਪਰਵਤ ਪ੍ਰਹਾਰ ਨੂੰ ਦੇਖਣ ਸਣੇ ਉਨ੍ਹਾਂ ਵੱਲੋਂ ਅਧਿਕਾਰੀਆਂ ਤੇ ਫ਼ੌਜੀਆਂ ਨਾਲ ਕੀਤੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲੇਹ ਸਥਿਤ ਫਾਇਰ ਐਂਡ ਫਿਊਰੀ ਕੋਰ ਦੇ ਕਮਾਂਡਰੀ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਜਨਰਲ ਸ੍ਰੀ ਪਾਂਡੇ ਨੂੰ ਗਸ਼ਤ ਪੁਆਇੰਟ 15 ’ਤੇ ਚੱਲ ਰਹੀ ਪ੍ਰਕਿਰਿਆ ਸਣੇ ਸਮੁੱਚੀ ਸੁਰੱਖਿਆ ਤੋਂ ਜਾਣੂ ਕਰਵਾਇਆ। ਜਨਰਲ ਪਾਂਡੇ ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਸਿਆਚਿਨ ਦਾ ਦੌਰਾਨ ਕਰਨਗੇ। -ਪੀਟੀਆਈ