ਐੱਨ.ਪੀ. ਧਵਨ
ਪਠਾਨਕੋਟ, 10 ਸਤੰਬਰ
ਸ਼ਹਿਰ ਦੇ ਗਾਂਧੀ ਨਗਰ ਵਿੱਚ ਅੱਜ ਘਰ ਵਿੱਚ ਟਾਈਲਾਂ ਦਾ ਕੰਮ ਕਰਦੇ ਸਮੇਂ ਕਟਰ ਲਈ ਵਰਤੇ ਜਾਣ ਵਾਲੇ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਕਾਰਨ ਪਤੀ-ਪਤਨੀ ਸਮੇਤ ਮਜ਼ਦੂਰ ਤੇ ਮਿਸਤਰੀ ਚਾਰੇ ਜਣੇ ਝੁਲਸ ਗਏ। ਜਦ ਇਹ ਘਟਨਾ ਵਾਪਰੀ ਤਾਂ ਜ਼ੋਰਦਾਰ ਧਮਾਕੇ ਨਾਲ ਇਨਵਰਟਰ ਵੀ ਫਟ ਗਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਕਮਰੇ ਦੀ ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਸਿਲੰਡਰ ਕੋਲ ਪਿਆ ਸਾਰਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਜ਼ਿਕਰਯੋਗ ਹੈ ਕਿ ਘਰ ਵਿੱਚ ਪਤੀ-ਪਤਨੀ ਜੋ ਸੇਵਾਮੁਕਤ ਅਧਿਆਪਕ ਹਨ, ਇਕੱਲੇ ਰਹਿ ਰਹੇ ਸਨ।
ਉਨ੍ਹਾਂ ਦੇ ਗੁਆਂਢੀ ਚੰਚਲ ਨੇ ਦੱਸਿਆ ਕਿ ਘਰ ਵਿੱਚ ਟਾਈਲਾਂ ਦਾ ਕੰਮ ਲੱਗਿਆ ਹੋਇਆ ਸੀ ਅਤੇ ਇੱਕ ਮਜ਼ਦੂਰ ਕਟਰ ਨਾਲ ਕੁਝ ਕੱਟ ਰਿਹਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਕਟਰ ਨਾਲ ਸਿਲੰਡਰ ਵਾਲੀ ਗੈਸ ਲੀਕ ਕਰਨ ਲੱਗ ਗਈ ਅਤੇ ਘਰ ਵਿੱਚ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਦੀ ਹਾਲਤ ਕਾਫੀ ਗੰਭੀਰ ਹੈ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਔਰਤ ਪ੍ਰਵੀਨ 65 ਪ੍ਰਤੀਸ਼ਤ ਝੁਲਸਣ ਕਾਰਨ ਉਸ ਦੀ ਹਾਲਤ ਕਾਫੀ ਗੰਭੀਰ ਹੈ ਜਦ ਕਿ ਉਸ ਦਾ ਪਤੀ ਬੂਟਾ ਰਾਮ ਵੀ 45 ਪ੍ਰਤੀਸ਼ਤ ਝੁਲਸ ਗਿਆ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰ ਤੇ ਮਿਸਤਰੀ ਵੀ ਝੁਲਸ ਗਏ ਹਨ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ। ਡਿਵੀਜ਼ਨ ਨੰਬਰ ਇਕ ਦੀ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ।