ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੂਨ
ਬਰਗਾੜੀ ਮਾਮਲੇ ਦੀ ਜਾਂਚ ਕਰਨ ਵਾਲੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਭਲਕੇ 21 ਜੂਨ ਨੂੰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਸਕਦੇ ਹਨ। ਇਹ ਚਰਚਾ ਅੱਜ ਇਥੇ ਸਿਆਸੀ ਅਤੇ ਆਮ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਅੱਜ ਇਥੇ ਉੱਤਰੀ ਹਲਕੇ ਦੇ ਕੁਝ ਲੋਕਾਂ ਨੂੰ ਮਿਲੇ ਵੀ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਭਲਕੇ ਅੰਮ੍ਰਿਤਸਰ ਆ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਜ਼ਰੀ ’ਚ ਕੁੰਵਰ ਵਿਜੈ ਪ੍ਰਤਾਪ ਪਾਰਟੀ ’ਚ ਸ਼ਾਮਲ ਹੋਣਗੇ। ਸੂਤਰਾਂ ਮੁਤਾਬਕ ਕੇਜਰੀਵਾਲ ਦੁਪਹਿਰ ਲਗਪਗ 12 ਵਜੇ ਜਹਾਜ਼ ਰਾਹੀਂ ਇਥੇ ਪੁੱਜਣਗੇ। ਇਥੇ ਸਰਕਟ ਹਾਊਸ ’ਚ ਹੀ ਕੁਝ ਅਹਿਮ ਹਸਤੀਆਂ ‘ਆਪ’ ਵਿਚ ਸ਼ਾਮਲ ਹੋਣਗੀਆਂ। ਉਹ ਸਰਕਟ ਹਾਉਸ ਵਿਚ 1 ਵਜੇ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਮੀਡੀਆ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਹੋਣਗੇ। ਸ੍ਰੀ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਣਗੇ ਅਤੇ ਮਗਰੋਂ ਲੁਧਿਆਣਾ ਚਲੇ ਜਾਣਗੇ। ‘ਆਪ’ ਦੇ ਹਲਕਿਆਂ ਵਿਚ ਇਹ ਵੱਡੀ ਚਰਚਾ ਚੱਲ ਰਹੀ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰੰਘ ਤੋਂ ਇਲਾਵਾ ਭਾਜਪਾ ਨਾਲ ਸਬੰਧਤ ਕੁਝ ਆਗੂ ਵੀ ਪਾਰਟੀ ਦਾ ‘ਝਾੜੂ’ ਫੜ ਸਕਦੇ ਹਨ। ਉਂਜ ‘ਆਪ’ ਆਗੂਆਂ ਨੇ ਚੁੱਪੀ ਧਾਰੀ ਹੋਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾ ਲਈ ਹੈ।
ਦੂਜੇ ਪਾਸੇ ਸਾਬਕਾ ਆਈਜੀ ਨੇ ਇਕ ਮੀਡੀਆ ਚੈਨਲ ਅਤੇ ਉੱਤਰੀ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ‘ਆਪ’ ਵਿਚ ਸ਼ਾਮਲ ਹੋਣ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਪਰ ਉਨ੍ਹਾਂ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਮੰਤਵ ਬਾਰੇ ਜ਼ਰੂਰ ਸਪੱਸ਼ਟ ਕੀਤਾ ਹੈ।
ਚਾਵਲਾ ਅਤੇ ਜੋਸ਼ੀ ਦੇ ਵੀ ‘ਆਪ’ ’ਚ ਸ਼ਾਮਲ ਹੋਣ ਦੀਆਂ ਕਨਸੋਆਂ
ਚੰਡੀਗੜ੍ਹ (ਟਨਸ): ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਕਸ਼ਮੀ ਕਾਂਤਾ ਚਾਵਲਾ ਅਤੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਦੇ ਵੀ ‘ਆਪ’ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਹੈ। ਉਂਜ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦੋਵੇਂ ਆਗੂਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।