ਹੈਦਰਾਬਾਦ, 11 ਸਤੰਬਰ
ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਪ੍ਰਧਾਨ ਤੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਕਿਆਸਰਾਈਆਂ ਦਾ ਭੋਗ ਪਾਉਂਦਿਆਂ ਅੱਜ ਕਿਹਾ ਕਿ ਉਹ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਵਧੇਰੇ ਸਲਾਹ ਮਸ਼ਵਰੇ ਮਗਰੋਂ ਰਾਸ਼ਟਰੀ ਪਾਰਟੀ ਲਾਂਚ ਕਰਨਗੇ। ਇਸ ਦੌਰਾਨ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਾਸਵਾਮੀ ਨੇ ਕੇਸੀਆਰ ਨਾਲ ਮੁਲਾਕਾਤ ਕਰਕੇ ਤਜਵੀਜ਼ਤ ਪਾਰਟੀ ਦੇ ਖਰੜੇ ਬਾਰੇ ਚਰਚਾ ਕੀਤੀ।
ਲੋਕਾਂ ਨੂੰ ਕੌਮੀ ਪੱਧਰ ’ਤੇ ਭਾਜਪਾ ਤੇ ਕਾਂਗਰਸ ਦਾ ਬਦਲ ਮੁਹੱਈਆ ਕਰਵਾਉਣ ਦੇ ਇੱਛੁਕ ਕੇਸੀਆਰ ਨੇ ਕਿਹਾ ਕਿ ਉਹ ‘ਬਦਲ ਪੇਸ਼ ਕਰਨ ਦੇ ਕੌਮੀ ਏਜੰਡੇ’ ਬਾਰੇ ਸਰਬਸੰਮਤੀ ਬਣਾਉਣ ਲਈ ਵੱਖ ਵੱਖ ਭਾਈਵਾਲਾਂ ਨਾਲ ਵਿਚਾਰ ਚਰਚਾ ਦੇ ਦੌਰ ਨੂੰ ਜਾਰੀ ਰੱਖਣਗੇ। ਰਾਓ ਨੇ ਸਾਫ਼ ਕਰ ਦਿੱਤਾ ਕਿ ਪਾਰਟੀ ਨੂੰ ਰਾਸ਼ਟਰੀ ਪੱਧਰ ’ਤੇ ਲਾਂਚ ਕਰਨ ਅਤੇ ਨੀਤੀਆਂ ਘੜਨ ਦਾ ਫੈਸਲਾ ਬੁੱਧੀਜੀਵੀਆਂ, ਅਰਥਸ਼ਾਸਤਰੀਆਂ ਤੇ ਮਾਹਿਰਾਂ ਨਾਲ ਵਿਚਾਰ ਚਰਚਾ ਮਗਰੋਂ ਲਿਆ ਜਾਵੇਗਾ। ਰਾਓ ਵੱਲੋਂ ਕੁਮਾਰਾਸਵਾਮੀ ਨਾਲ ਮੁਲਾਕਾਤ ਉਨ੍ਹਾਂ ਦੇ ‘ਭਾਜਪਾ ਮੁਕਤ ਭਾਰਤ’ ਦੇ ਸੱਦੇ ਦੀ ਹੀ ਅਗਲੀ ਕੜੀ ਹੈ ਤੇ ਇਸੇ ਕੜੀ ਵਿੱਚ ਉਹ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਮਿਲ ਰਹੇ ਹਨ। ਪਾਰਟੀ ਵੱਲੋਂ ਜਾਰੀ ਰਿਲੀਜ਼ ਮੁਤਾਬਕ ਜਲਦੀ ਹੀ ਰਾਸ਼ਟਰੀ ਪਾਰਟੀ ਦੇ ਗਠਨ ਦੇ ਨਾਲ ਇਸ ਦੀਆਂ ਨੀਤੀਆਂ ਘੜੀਆਂ ਜਾਣਗੀਆਂ। ਟੀਆਰਐੱਸ ਵਿੱਚ ਨਵੀਂ ਪਾਰਟੀ ਦੇ ਨਾਂ ਵਜੋਂ ‘ਭਾਰਤ ਰਾਸ਼ਟਰੀ ਸਮਿਤੀ’, ‘ਉਜਵਲ ਭਾਰਤ ਪਾਰਟੀ’ ਤੇ ‘ਨਯਾ ਭਾਰਤ ਪਾਰਟੀ’ ਦੇ ਨਾਮ ਉਭਰੇ ਹਨ। -ਪੀਟੀਆਈ