ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਦਿੱਲੀ ਪੁਲੀਸ ਨੇ ਇੱਕ ਵਿਅਕਤੀ ਨੂੰ 200 ਦੇ ਕਰੀਬ ਲੋਕਾਂ ਨੂੰ ਉਨ੍ਹਾਂ ਦੇ ਘਰ ਸ਼ਰਾਬ ਪਹੁੰਚਾਉਣ ਦਾ ਵਾਅਦਾ ਕਰਕੇ ਠੱਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਜ਼ਹਰੂਦੀਨ ਖਾਨ (23) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਆਪਣੇ ਫਰਜ਼ੀ ਡਿਲੀਵਰੀ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਤੇ ਹੋਰ ਲੋਕਾਂ ਨੂੰ ਧੋਖਾ ਦੇਣ ਲਈ ਮਸ਼ਹੂਰ ਸ਼ਰਾਬ ਦੀਆਂ ਦੁਕਾਨਾਂ ਦੇ ਨਾਮ ਦੀ ਵਰਤੋਂ ਕਰਕੇ ਗੂਗਲ ’ਤੇ ਫਰਜ਼ੀ ਇਸ਼ਤਿਹਾਰ ਬਣਾਉਂਦਾ ਹੈ। ਅਗਸਤ 2022 ਵਿੱਚ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਸ਼ਰਾਬ ਦੀ ਹੋਮ ਡਿਲੀਵਰੀ ਲਈ ਇੱਕ ਯੂਟਿਊਬ ਵੀਡੀਓ ਵਿਗਿਆਪਨ ਦੇਖਿਆ ਜਿਸ ਵਿੱਚ ਇੱਕ ਮੋਬਾਈਲ ਨੰਬਰ ਸੀ। ਬਾਅਦ ਵਿੱਚ ਆਦਮੀ ਨੇ ਵਿਕਰੇਤਾ ਨਾਲ ਸੰਪਰਕ ਕੀਤਾ ਜਿਸਨੇ ਇੱਕ ਕੋਡ ਭੇਜਿਆ। ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਵਿਕਰੇਤਾ ਨੇ ਉਸ ਦੇ ਖਾਤੇ ਵਿੱਚੋਂ 78,374 ਰੁਪਏ ਕਢਵਾ ਲਏ।ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੂੰ ਪਤਾ ਲੱਗਾ ਕਿ ਮੁਲਜ਼ਮ ਦਾ ਮੋਬਾਈਲ ਨੰਬਰ ਭਰਤਪੁਰ ਨੇੜੇ ਇੱਕ ਪਿੰਡ ਤੋਂ ਚਲਾਇਆ ਜਾ ਰਿਹਾ ਸੀ। ਉੱਥੇ ਇੱਕ ਟੀਮ ਭੇਜੀ ਗਈ ਤੇ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।