ਲਾਜਵੰਤ ਸਿੰਘ
ਨਵਾਂਸ਼ਹਿਰ, 20 ਮਾਰਚ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖ ਨੌਜਵਾਨ ਰਣਜੀਤ ਸਿੰਘ, ਜਿਸ ਨੇ ਸਿੰਘੂ ਹੱਦ ’ਤੇ ਬੀਤੀ 29 ਜਨਵਰੀ ਨੂੰ ਪੁਲੀਸ ਜਬਰ ਦੇ ਨਾਲ-ਨਾਲ ਭਾਜਪਾ ਤੋਂ ਸ਼ਹਿ ਪ੍ਰਾਪਤ ਗੁੰਡਿਆਂ ਦਾ ਡਟ ਕੇ ਟਾਕਰਾ ਕੀਤਾ ਸੀ, ਦਾ ਸਨਮਾਨ ਕੀਤਾ। ਰਣਜੀਤ ਸਿੰਘ ਨੂੰ ਦਿੱਲੀ ਸਿੱਖ ਗੁਦਰੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਦਾਨ ਕੀਤੀ ਕਾਨੂੰਨੀ ਸਹਾਇਤਾ ਦੀ ਬਦੌਲਤ ਹਾਲ ਹੀ ਵਿੱਚ ਜ਼ਮਾਨਤ ਮਿਲੀ ਸੀ।
ਪਿੰਡ ਕਾਜ਼ਮਪੁਰ ਵਿੱਚ ਅਕਾਲੀ ਦਲ ਵੱਲੋਂ ਰਣਜੀਤ ਸਿੰਘ ਦਾ ਸਨਮਾਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਣਜੀਤ ਸਿੰਘ ਸਰਕਾਰੀ ਜਬਰ ਖ਼ਿਲਾਫ਼ ਮਿਸਾਲ ਬਣ ਗਿਆ, ਜੋ ਔਰਤਾਂ ਦੇ ਹੱਕਾਂ ਦੀ ਰਾਖੀ ਦੇ ਨਾਲ-ਨਾਲ ਸਿੱਖੀ ਸਰੂਪ ਤੇ ਕਦਰਾਂ ਕੀਮਤਾਂ ਦੇ ਚਮਕਦੇ ਉਦਾਹਰਨ ਵਜੋਂ ਸਾਹਮਣੇ ਆਇਆ। ਇਸ ਦੌਰਾਨ ਰਣਜੀਤ ਸਿੰਘ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਥਾਂ ਖਾਲੀ ਕਰਵਾਉਣ ਦੀ ਸਾਜ਼ਿਸ਼ ਨੂੰ ਵੀ ਮਾਤ ਦੇ ਦਿੱਤੀ। ਅਕਾਲੀ ਆਗੂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਵਾਲੇ ਰਣਜੀਤ ਸਿੰਘ ਤੇ 146 ਹੋਰ ਨੌਜਵਾਨਾਂ ਦੀ ਰਿਹਾਈ ਸੰਭਵ ਹੋਈ।
ਉਨ੍ਹਾਂ ਜੇਲ੍ਹ ਵਿੱਚ ਬਾਕੀ ਰਹਿ ਗਏ ਨੌਜਵਾਨਾਂ ਨੂੰ ਰਿਹਾਅ ਕਰਨ, ਕੇਂਦਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਨਾਲ ਕੀਤੀ ਬਦਸਲੂਕੀ ਲਈ ਮੁਆਫ਼ੀ ਮੰਗਣ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਸੁਖਦੀਪ ਸਿੰਘ ਸ਼ੁਕਾਰ, ਬੁੱਧ ਸਿੰਘ, ਇੰਦਰਜੀਤ ਸਿੰਘ ਲੁੱਡੀ, ਪਰਮ ਸਿੰਘ ਖਾਲਸਾ ਹਾਜ਼ਰ ਸਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਰਣਜੀਤ ਸਿੰਘ ਦਾ ਅੱਜ ਸ਼ਿਵਾਲਿਕ ਰੈਸਟੋਰੈਂਟ ਬਲਾਚੌਰ ਵਿੱਚ ਪਹੁੰਚਣ ’ਤੇ ਇਲਾਕਾ ਵਾਸੀਆਂ ਨੇ ਸਵਾਗਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੇ ਬਾਵਜੂਦ ਰਣਜੀਤ ਸਿੰਘ ਅਡੋਲ ਰਿਹਾ।
ਇਸ ਮੌਕੇ ਐਡਵੋਕੇਟ ਰਾਜਵਿੰਦਰ ਲੱਕੀ ਅਤੇ ਸਾਬਕਾ ਚੇਅਰਮੈਨ ਬਿਮਲ ਕੁਮਾਰ ਸਿਆਣਾ ਹਾਜ਼ਰ ਸਨ। ਸ਼ਿਵਾਲਿਕ ਰੈਸਟੋਰੈਂਟ ਦੇ ਐਮ.ਡੀ. ਸੰਤੋਖ ਸਿੰਘ ਸ਼ਿਵਾਲਿਕ ਨੇ ਰਣਜੀਤ ਸਿੰਘ, ਮਨਜਿੰਦਰ ਸਿੰਘ ਸਿਰਸਾ ਅਤੇ ਬਿਕਰਮ ਸਿੰਘ ਮਜੀਠੀਆ ਦਾ ਸਨਮਾਨ ਕੀਤਾ।