ਮੁੰਬਈ, 31 ਅਕਤੂਬਰ
ਐੱਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਜ ਮੁੜ ਦਾਅਵਾ ਕੀਤਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦਾ ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਜਨਮ ਤੋਂ ਹੀ ਮੁਸਲਮਾਨ ਹੈ। ਉਨ੍ਹਾਂ ਇਹ ਵੀ ਦੋਸ਼ ਦੁਹਰਾਇਆ ਕਿ ਵਾਨਖੇੜੇ ਨੇ ਫਰਜ਼ੀ ਸਰਟੀਫਿਕੇਟ ਰਾਹੀਂ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਕਿਹਾ,‘‘ਮੈਂ ਜਾਤ ਜਾਂ ਧਰਮ ਦੀ ਲੜਾਈ ਨਹੀਂ ਲੜ ਰਿਹਾ ਹਾਂ ਪਰ ਇਸ ਗੱਲ ਦਾ ਪਰਦਾਫਾਸ਼ ਕਰ ਰਿਹਾ ਹਾਂ ਕਿ ਕਿਵੇਂ ਫਰਜ਼ੀ ਜਾਤ ਸਰਟੀਫਿਕੇਟ ’ਤੇ ਸਰਕਾਰੀ ਨੌਕਰੀ ਹਾਸਲ ਕੀਤੀ ਗਈ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਵਾਨਖੇੜੇ ਪਰਿਵਾਰ ਭਾਵੇਂ ਮੁਸਲਮਾਨ ਹੈ ਅਤੇ ਸਮੀਰ ਵਾਨਖੇੜੇ ਵੱਲੋਂ ਮੁੰਬਈ ਹਵਾਈ ਅੱਡੇ ’ਤੇ ਬੌਲੀਵੁੱਡ ਹਸਤੀਆਂ ਨੂੰ ਰੋਕੇ ਜਾਣ ਮਗਰੋਂ ਜਦੋਂ ਉਹ ਸੁਰਖੀਆਂ ’ਚ ਆਇਆ ਤਾਂ 2015 ਤੋਂ ਉਨ੍ਹਾਂ ਆਪਣੀ ਪਛਾਣ ਬਦਲਣੀ ਸ਼ੁਰੂ ਕਰ ਦਿੱਤੀ ਸੀ। ‘ਸੋਸ਼ਲ ਮੀਡੀਆ ’ਤੇ ਪਹਿਲਾਂ ਦਾਊਦ ਵਾਨਖੇੜੇ ਡੀ ਕੇ ਵਾਨਖੇੜੇ ਬਣਿਆ ਅਤੇ ਬਾਅਦ ’ਚ ਗਿਆਨਦੇਵ। ਯਾਸਮੀਨ ਵਾਨਖੇੜੇ ਜੈਸਮੀਨ ਬਣੀ ਅਤੇ ਉਸ ਨੇ ਪਤੀ ਨੂੰ ਤਲਾਕ ਦੇ ਦਿੱਤਾ ਜੋ ਇਕ ਮੁਸਲਮਾਨ ਹੈ।’ ਉਨ੍ਹਾਂ ਅਨੁਸੂਚਿਤ ਜਾਤਾਂ ਬਾਰੇ ਕੌਮੀ ਕਮਿਸ਼ਨ ਦੇ ਮੀਤ ਪ੍ਰਧਾਨ ਅਰੁਣ ਹਲਦਰ ਵੱਲੋਂ ਵਾਨਖੇੜੇ ਪਰਿਵਾਰ ਦੇ ਕਦੇ ਵੀ ਧਰਮ ਪਰਿਵਰਤਨ ਨਾ ਕਰਨ ਬਾਰੇ ਦਿੱਤੇ ਬਿਆਨ ’ਤੇ ਵੀ ਇਤਰਾਜ਼ ਜਤਾਇਆ। -ਪੀਟੀਆਈ
ਕਰੂਜ਼ ਡਰੱਗਜ਼ ਕੇਸ: ਸੀਬੀਆਈ ਜਾਂਚ ਲਈ ਸੁਪਰੀਮ ਕੋਰਟ ’ਚ ਪਟੀਸ਼ਨ
ਨਵੀਂ ਦਿੱਲੀ: ਮੁੰਬਈ ਕਰੂਜ਼ ਡਰੱਗਜ਼ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਉਣ ਲਈ ਸੁਪਰੀਮ ਕੋਰਟ ’ਚ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਅਰਜ਼ੀ ’ਚ ਦੋਸ਼ ਲਾਇਆ ਗਿਆ ਹੈ ਕਿ ਇਸ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਜਾਂਚ ’ਚ ਦਖ਼ਲ ਦਿੱਤਾ ਜਾ ਰਿਹਾ ਹੈ। ਜਨਹਿੱਤ ਪਟੀਸ਼ਨ ’ਚ ਇਹ ਵੀ ਮੰਗ ਕੀਤੀ ਗਈ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਗਵਾਹਾਂ ਦੀ ਸੁਰੱਖਿਆ ਸਬੰਧੀ ਕੌਮੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ਜਿਨ੍ਹਾਂ ਦੀ ਸਿਫ਼ਾਰਿਸ਼ ਲਾਅ ਕਮਿਸ਼ਨ ਦੀਆਂ ਵੱਖ ਵੱਖ ਰਿਪੋਰਟਾਂ ’ਚ ਵੀ ਕੀਤੀ ਗਈ ਹੈ। ਵਕੀਲ ਐੱਮ ਐੱਲ ਸ਼ਰਮਾ ਨੇ ਜਨਹਿੱਤ ਪਟੀਸ਼ਨ ’ਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਵੱਲੋਂ ਐੱਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਅਤੇ ਹੋਰਾਂ ਖ਼ਿਲਾਫ਼ ਪੈਦਾ ਕੀਤੇ ਗਏ ਵਿਵਾਦ ਦਾ ਹਵਾਲਾ ਵੀ ਦਿੱਤਾ ਗਿਆ ਹੈ। ਉਨ੍ਹਾਂ ਸਾਰੇ ਗਵਾਹਾਂ ਨੂੰ ਫੌਰੀ ਸੁਰੱਖਿਆ ਦੇਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ। ਪਟੀਸ਼ਨ ’ਚ ਇਕ ਗਵਾਹ ਪ੍ਰਭਾਕਰ ਸੇਲ ਵੱਲੋਂ ਰਿਸ਼ਵਤਖੋਰੀ ਦੇ ਖੁਲਾਸੇ ਸਬੰਧੀ ਸਥਾਨਕ ਵਕੀਲ ਵੱਲੋਂ ਮੁੰਬਈ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੀ ਵੈਧਤਾ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਜਨਹਿੱਤ ਪਟੀਸ਼ਨ ’ਚ ਕਿਸੇ ਮੰਤਰੀ ਵੱਲੋਂ ਸੰਵਿਧਾਨਕ ਅਹੁਦੇ ’ਤੇ ਰਹਿੰਦਿਆਂ ਜਾਂਚ ’ਚ ਦਖ਼ਲ ਦੇਣ ਸਬੰਧੀ ਵੀ ਇਤਰਾਜ਼ ਜਤਾਇਆ ਗਿਆ ਹੈ। -ਪੀਟੀਆਈ
ਮੁਨਮੁਨ ਅਤੇ ਅਰਬਾਜ਼ ਜੇਲ੍ਹ ’ਚੋਂ ਰਿਹਾਅ
ਮੁੰਬਈ: ਕਰੂਜ਼ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਕੀਤੀ ਗਈ ਫੈਸ਼ਨ ਮਾਡਲ ਮੁਨਮੁਨ ਧਮੇਚਾ ਅੱਜ ਬਾਇਕੁਲਾ ਮਹਿਲਾ ਜੇਲ੍ਹ ’ਚੋਂ ਰਿਹਾਅ ਹੋ ਗਈ। ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਨਮੁਨ ਨੂੰ ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਆਰੀਅਨ ਖ਼ਾਨ ਅਤੇ ਅਰਬਾਜ਼ ਮਰਚੈਂਟ ਦੇ ਨਾਲ ਹੀ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਇਕ-ਇਕ ਲੱਖ ਰੁਪਏ ਦੀ ਜਾਮਨੀ ਅਤੇ ਬਾਂਡ ਲਈ ਰਕਮ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਦੀ ਅੱਜ ਰਿਹਾਈ ਸੰਭਵ ਹੋ ਸਕੀ। ਅਰਬਾਜ਼ ਮਰਚੈਂਟ ਵੀ ਆਰਥਰ ਰੋਡ ਜੇਲ੍ਹ ’ਚੋਂ ਅੱਜ ਰਿਹਾਅ ਹੋ ਗਿਆ ਜਦਕਿ ਆਰੀਅਨ ਖ਼ਾਨ ਸ਼ਨਿਚਰਵਾਰ ਨੂੰ ਹੀ ਜੇਲ੍ਹ ਤੋਂ ਬਾਹਰ ਆ ਗਿਆ ਸੀ। -ਪੀਟੀਆਈ