ਧਾਰੀਵਾਲ: ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵੱਲੋਂ ਭਗਤ ਕਬੀਰ ਦਾ 624ਵਾਂ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਕਬੀਰ ਮੰਦਿਰ ਫੱਜੂਪੁਰ ’ਚ ਕਰਵਾਏ ਦੋ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਰਾਗੀ ਜਥਾ ਦੀਨਾ ਨਾਥ ਭਗਤ, ਨਿਸ਼ਕਾਮ ਕੀਰਤਨੀ ਜਥਾ ਭਾਈ ਦਵਿੰਦਰ ਸਿੰਘ ਅਤੇ ਬੀਬੀਆਂ ਦੇ ਜਥੇ ਵਲੋਂ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ। ਕਬੀਰਪੰਥੀ ਵਿਦਵਾਨ ਮਾਸਟਰ ਸੋਮ ਨਾਥ ਫਗਵਾੜਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਕਰਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਭਗਤ ਕਬੀਰ ਆਪਣੇ ਪੂਰੇ ਜੀਵਨ ’ਚ ਵੱਡਾ ਸੰਘਰਸ਼ ਕਰਦਿਆਂ ਲੋਕਾਂ ਨੂੰ ਜਾਤ ਪਾਤ, ਊਚ ਨੀਚ ਅਤੇ ਪਾਖੰਡਵਾਦ ਨੂੰ ਖਤਮ ਕਰਨ ਅਤੇ ਸਮਾਜਿਕ ਬਰਾਬਰਤਾ ਲਈ ਚੇਤਨਾ ਪੈਦਾ ਕਰਦੇ ਰਹੇ। ਸਾਰਿਆਂ ਨੂੰ ਜਾਤ-ਪਾਤ ਤੋਂ ਉਪਰ ਉੱਠ ਕੇ ਕਬੀਰ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਵਹਿਮਾਂ-ਭਰਮਾਂ/ਕਰਮਕਾਂਡਾਂ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਅਸ਼ਵਨੀ ਫੱਜੂਪੁਰ ਸਣੇ ਪ੍ਰਬੰਧਕ ਆਗੂਆਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਯਾਦਗਾਰੀ ਚਿੰਨ੍ਹ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ