ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਅਕਤੂਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕੀਤੇ ਕਿ ਆਰਟੀਈ ਤਹਿਤ ਆਰਥਿਕ ਪੱਖੋਂ ਕਮਜ਼ੋਰ (ਈਡਬਲਿਊਐੱਸ) ਵਿਦਿਆਰਥੀਆਂ ਦੇ ਦਾਖਲੇ ਅਗਲੇ ਸਾਲ ਅਪਰੈਲ ਤੋਂ ਆਨਲਾਈਨ ਕੀਤੇ ਜਾਣਗੇ। ਇਨ੍ਹਾਂ ਵਿਦਿਆਰਥੀਆਂ ਦੇ ਦਾਖਲੇ ਅਗਲੇ ਸਾਲ ਤੋਂ ਨਿੱਜੀ ਸਕੂਲਾਂ ਦੀ ਥਾਂ ਸਿੱਖਿਆ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਹੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਵਿਭਾਗ ਨੇ ਸਕੂਲਾਂ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਕਰਵਾਉਣ ਬਦਲੇ ਵਿੱਤੀ ਅਦਾਇਗੀ ਦਾ ਅਮਲ ਵੀ ਆਨਲਾਈਨ ਕਰਨ ਦਾ ਫੈਸਲਾ ਕੀਤਾ ਹੈ ਪਰ ਇਸ ਬਾਰੇ ਵਿਭਾਗ ਨੇ ਕਮੇਟੀਆਂ ਬਣਾ ਦਿੱਤੀਆਂ ਹਨ ਜੋ ਸਕੂਲਾਂ ਦੇ ਵੇਰਵੇ ਜਾਂਚ ਕੇ ਬਣਦੀਆਂ ਅਦਾਇਗੀਆਂ ਕਰਨਗੀਆਂ। ਯੂਟੀ ਦੇ ਸਿੱਖਿਆ ਅਧਿਕਾਰੀਆਂ ਨੇ ਡਾਇਰੈਕਟਰ (ਸਕੂਲ ਸਿੱਖਿਆ) ਹਰਸੁਹਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ ਹੇਠ ਅੱਜ 80 ਦੇ ਕਰੀਬ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-19 ਵਿੱਚ ਮੀਟਿੰਗ ਕੀਤੀ ਜਿਸ ਵਿਚ ਸਕੂਲਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਗਰੀਬ ਬੱਚਿਆਂ ਦੇ ਮਾਪੇ ਕਈ ਸਕੂਲਾਂ ਦੀ ਥਾਂ ਯੂਟੀ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਹੀ ਅਪਲਾਈ ਕਰਨਗੇ ਤੇ ਉਨ੍ਹਾਂ ਨੂੰ ਦਾਖਲੇ ਵੀ ਪਾਰਦਰਸ਼ੀ ਤਰੀਕੇ ਨਾਲ ਦਿੱਤੇ ਜਾਣਗੇ। ਦੱਸਣਾ ਬਣਦਾ ਹੈ ਕਿ ਹਰ ਨਿੱਜੀ ਸਕੂਲ ਵਿੱਚ ਗਰੀਬ ਵਿਦਿਆਰਥੀਆਂ ਲਈ ਹਰ ਜਮਾਤ ਵਿਚ 25 ਫੀਸਦੀ ਸੀਟਾਂ ਰਾਖਵੀਆਂ ਹੁੰਦੀਆਂ ਹਨ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਹਰ ਗਰੀਬ ਵਿਦਿਆਰਥੀ ਨੂੰ ਹੁਣ ਘਰਾਂ ਨੇੜਲੇ ਨਿੱਜੀ ਸਕੂਲਾਂ ਵਿੱਚ ਦਾਖਲੇ ਆਸਾਨੀ ਨਾਲ ਮਿਲਣਗੇ।