ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 16 ਜੂਨ
ਛਾਤੀ ਦੇ ਕੈਂਸਰ ਦੀ ਸ਼ੁਰੂਆਤੀ ਅਵਸਥਾ ਵਿੱਚ ਪਤਾ ਲਗਾਉਣ ਲਈ ਸਿਹਤ ਵਿਭਾਗ (ਪਰਿਵਾਰ ਭਲਾਈ) ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਘੋਤੜਾ ਨੇ ਸੂਬੇ ਭਰ ਵਿੱਚ ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਅੱਜ ਇੱਥੋਂ ਦੇ ਫੇਜ਼-6 ਸਥਿਤ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਕਰਵਾਏ ਸਮਾਗਮ ’ਚ ਡਾ. ਘੋਤੜਾ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਰੋਸ਼ੇ ਪ੍ਰੋਡਕਟਸ ਇੰਡੀਆ ਅਤੇ ਨਿਰਾਮਈ ਹੈਲਥ ਐਨਾਲਿਟਿਕਸ ਨੇ ਹਾਲ ਹੀ ਵਿੱਚ ਸੂਬੇ ’ਚ ਛਾਤੀ ਦੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਤੇਜ਼ੀ ਲਿਆਉਣ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਬ੍ਰੈਸਟ ਕੈਂਸਰ ਏਆਈ-ਡਿਜੀਟਲ ਪ੍ਰਾਜੈਕਟ’ ਨਾਮ ਦੀ ਭਾਈਵਾਲੀ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਮੇਂ ਸਿਰ ਪਛਾਣ, ਇਲਾਜ ਦੀ ਸ਼ੁਰੂਆਤ ਅਤੇ ਮਜ਼ਬੂਤ ਰੈਫਰਲ ਮਾਰਗਾਂ ਨੂੰ ਟੈਕਨਾਲੋਜੀ ਸਮਰਪਿਤ ਡਿਜੀਟਲ ਲਾਈਵ ਮਰੀਜ਼ ਟਰੈਕਿੰਗ ਸਪੋਰਟ ਰਾਹੀਂ ਯਕੀਨੀ ਬਣਾਉਣ ਦੇ ਯਤਨਾ ’ਤੇ ਕੇਂਦਰਿਤ ਹੋਵੇਗੀ।