ਐੱਨ.ਪੀ. ਧਵਨ
ਪਠਾਨਕੋਟ, 11 ਸਤੰਬਰ
ਪਠਾਨਕੋਟ ਜ਼ਿਲ੍ਹੇ ਅੰਦਰ ਪੈਂਦਾ ਚੱਕੀ ਦਰਿਆ ਅੱਜ-ਕੱਲ੍ਹ ਖੂਬ ਚਰਚਾ ਵਿੱਚ ਹੈ। ਇਸ ਦਰਿਆ ਦਾ ਅੱਧਾ ਹਿੱਸਾ ਪੰਜਾਬ ਅਤੇ ਅੱਧਾ ਹਿੱਸਾ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਨੂੰ ਲਿੰਕ ਕਰਦਾ ਹੋਣ ਕਰਕੇ ਇਸ ਦੀ ਬਹੁਤ ਅਹਿਮੀਅਤ ਹੈ। ਇਸ ਉੱਪਰ ਅੰਗਰੇਜ਼ਾਂ ਸਮੇਂ 2 ਪੁਲ ਜਿਨ੍ਹਾਂ ਵਿੱਚੋਂ ਇੱਕ ਪੁਲ ਰੇਲਵੇ ਦਾ ਅਤੇ ਦੂਸਰਾ ਸੜਕ ਦਾ ਸੀ, ਬਣੇ ਹੋਏ ਸਨ। ਸੜਕ ਵਾਲਾ ਪੁਲ 9 ਅਗਸਤ 2007 ਨੂੰ ਰੁੜ੍ਹ ਗਿਆ ਸੀ। ਬਾਅਦ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਨੇ ਸਾਲ 2011 ਵਿੱਚ ਨਵਾਂ ਬਣਾ ਕੇ ਚਾਲੂ ਕੀਤਾ ਸੀ। ਇਸੇ ਤਰ੍ਹਾਂ ਇਸ ਪੁਲ ਦੇ ਨਾਲ ਹੀ ਬਣਿਆ ਹੋਇਆ ਰੇਲਵੇ ਪੁਲ ਪਿਛਲੇ ਮਹੀਨੇ 20 ਅਗਸਤ ਨੂੰ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਿਆ ਸੀ। ਇਨ੍ਹਾਂ ਪੁਲਾਂ ਦੇ ਰੁੜ੍ਹਨ ਦਾ ਮੁੱਖ ਕਾਰਨ ਇਹ ਹੈ ਕਿ ਪੁਲਾਂ ਤੋਂ ਉਪਰ ਵਾਲੇ ਪਾਸੇ ਦਰਿਆ ਅੰਦਰਲੇ ਪਾਣੀ ਦਾ ਮੁਹਾਣ ਪੰਜਾਬ ਵਾਲੇ ਥੋੜ੍ਹੇ ਜਿਹੇ ਹਿੱਸੇ ਵਿੱਚੋਂ ਭਾਵ 50 ਮੀਟਰ ਦੇ ਟੋਟੇ ਵਿੱਚੋਂ ਲੰਘਣਾ ਸ਼ੁਰੂ ਹੋ ਗਿਆ ਸੀ ਅਤੇ ਇਸ ਦੀ ਢਲਾਣ ਭੂਗੋਲਿਕ ਤੌਰ ’ਤੇ ਪੁਲਾਂ ਤੋਂ ਪਹਿਲਾਂ 200 ਮੀਟਰ ਤੱਕ ਬਹੁਤ ਜ਼ਿਆਦਾ ਹੋ ਚੁੱਕੀ ਹੈ। ਭੂਮੀ ਕਟਾਅ ਹੀ ਪੁਲਾਂ ਦੇ ਰੁੜ੍ਹਨ ਦਾ ਮੁੱਖ ਕਾਰਨ ਬਣਿਆ।
ਮੌਕੇ ਉੱਪਰ ਹਾਲਤ ਇਹ ਹੋ ਚੁੱਕੀ ਹੈ ਕਿ ਪੁਲਾਂ ਦੇ ਹੇਠਾਂ ਵਾਲੇ ਪਾਸੇ ਚੱਕੀ ਦਰਿਆ ਵਿੱਚੋਂ ਲੰਘਦਾ ਪਾਣੀ ਇੱਕ ਨਹਿਰ ਦੀ ਸ਼ਕਲ ਅਖਤਿਆਰ ਕਰ ਚੁੱਕਿਆ ਹੈ ਭਾਵ ਭੂਮੀ ਕਟਾਅ ਨਾਲ ਚੱਕੀ ਦਰਿਆ ਡੂੰਘਾ ਹੋ ਚੁੱਕਿਆ ਹੈ। ਇਹ ਸਾਰਾ ਪਾਣੀ ਪੰਜਾਬ ਵਾਲੇ ਹਿੱਸੇ ਵਿੱਚ ਚੱਲ ਰਿਹਾ ਹੈ ਜੋ ਪੁਲਾਂ ਦੇ ਹੇਠਾਂ ਅੱਗੇ ਜਾ ਕੇ ਪਠਾਨਕੋਟ ਦੇ ਬੱਜਰੀ ਕੰਪਨੀ ਖੇਤਰ ਦੀ ਵੀ ਹੁਣ ਤੱਕ ਬੇ-ਅਥਾਹ ਭੂਮੀ ਰੋੜ੍ਹ ਚੁੱਕਿਆ ਹੈ। ਇਸ ਖੇਤਰ ਨੂੰ ਬਚਾਉਣ ਲਈ ਹੁਣ ਤੱਕ ਪੰਜਾਬ ਦਾ ਡਰੇਨੇਜ ਵਿਭਾਗ ਕਰੋੜਾਂ ਰੁਪਏ ਪੱਥਰਾਂ ਦੇ ਕਰੇਟ ਆਦਿ ਬੰਨ੍ਹਣ ਉੱਪਰ ਖਰਚ ਕਰ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਚੱਕੀ ਦਰਿਆ ਦਾ ਵਹਾਅ ਪੰਜਾਬ ਵਾਲੇ ਪਾਸੇ ਕਿਵੇਂ ਹੋਇਆ, ਵੱਲ ਕੋਈ ਧਿਆਨ ਨਹੀਂ ਦਿੱਤਾ। ਜੇਕਰ ਵਹਾਅ ਨੂੰ ਅਜੇ ਵੀ ਦੂਸਰੇ ਪਾਸੇ ਤਬਦੀਲ ਨਾ ਕੀਤਾ ਗਿਆ ਤਾਂ ਇਸ ਦਾ ਖਮਿਆਜ਼ਾ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਨੂੰ ਹਰ ਸਾਲ ਭੁਗਤਣਾ ਪਵੇਗਾ।
ਇਸ ਪੱਤਰਕਾਰ ਨੇ ਦੇਖਿਆ ਕਿ ਨੈਸ਼ਨਲ ਹਾਈਵੇਅ ਦੇ ਪੁਲ ਦੇ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਚੱਕੀ ਦਰਿਆ ਕਿਨਾਰੇ ਲੱਗੇ ਸਟੋਨ ਕਰੈਸ਼ਰ ਵਾਲਿਆਂ ਨੇ ਦਰਿਆ ਵਿੱਚ ਰਿਵਰ ਬੈੱਡ ਮਟੀਰੀਅਲ ਸੁੱਟ ਕੇ ਇੱਕ ਆਰਜ਼ੀ ਬੰਨ੍ਹ ਜਿਹਾ ਬਣਾ ਕੇ ਆਪਣੇ ਹਿੱਸੇ ਨੂੰ ਉੱਚਾ ਕਰ ਰੱਖਿਆ ਹੈ ਤਾਂ ਜੋ ਦਰਿਆ ਦਾ ਪਾਣੀ ਹਿਮਾਚਲ ਵਾਲੇ ਪਾਸੇ ਨਾ ਜਾ ਸਕੇ। ਇਹ ਵੀ ਦਰਿਆ ਦੇ ਪਾਣੀ ਦਾ ਮੁਹਾਣ ਪੰਜਾਬ ਵਾਲੇ ਪਾਸੇ ਹੋਣ ਦਾ ਇੱਕ ਵੱਡਾ ਕਾਰਨ ਹੈ। ਮੌਕਾ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਿਮਾਚਲ ਵਾਲੇ ਹਿੱਸੇ ਵਿੱਚ ਕਦੇ ਵੀ ਦਰਿਆ ਦਾ ਪਾਣੀ ਨਹੀਂ ਜਾ ਸਕਦਾ। ਇਸ ਪੱਤਰਕਾਰ ਨੇ ਦੇਖਿਆ ਕਿ ਹਾਲਾਂਕਿ ਮੌਨਸੂਨ ਸੀਜ਼ਨ ਵਿੱਚ ਮਾਈਨਿੰਗ ਬੰਦ ਹੈ ਪਰ ਉਥੇ ਲੱਗਿਆ ਹੋਇਆ ਸਟੋਨ ਕਰੱਸ਼ਰ ਧੜਾਧੜ ਚੱਲ ਰਿਹਾ ਸੀ ਅਤੇ 20 ਦੇ ਕਰੀਬ ਪੰਜਾਬ ਤੋਂ ਗਏ ਹੋਏ ਟਰੱਕ ਉੱਥੋਂ ਰੇਤਾ, ਬੱਜਰੀ ਭਰਨ ਲਈ ਖੜ੍ਹੇ ਹੋਏ ਸਨ। ਉਸ ਕਰੱਸ਼ਰ ਕੋਲ ਰਿਵਰ ਬੈੱਡ ਮਟੀਰੀਅਲ ਦਾ ਕਾਫੀ ਸਟਾਕ ਢੇਰਾਂ ਦੇ ਰੂਪ ਵਿੱਚ ਜਮ੍ਹਾਂ ਹੋਇਆ ਪਿਆ ਸੀ। ਉੱਥੇ ਨਾਲ ਹੀ ਲੱਗਦੀ ਜੱਬਰ ਖੱਡ ਜਿਸ ਦਾ ਪਾਣੀ ਵੀ ਚੱਕੀ ਦਰਿਆ ਵਿੱਚ ਪੈਂਦਾ ਹੈ, ਵਿੱਚ 2-3 ਟਰੈਕਟਰ ਮਾਈਨਿੰਗ ਮਟੀਰੀਅਲ ਭਰਨ ਲੱਗੇ ਹੋਏ ਸਨ। ਇਸ ਤਰ੍ਹਾਂ ਨਾਲ ਇਹ ਮਟੀਰੀਅਲ ਰਾਤ-ਬਰਾਤੇ ਕਰੱਸ਼ਰ ’ਤੇ ਜਮ੍ਹਾਂ ਕਰ ਲਿਆ ਜਾਂਦਾ ਹੈ ਜਿਸ ਤੋਂ ਕਰੱਸ਼ ਕਰਕੇ ਬਾਅਦ ਵਿੱਚ ਸਾਰਾ ਦਿਨ ਰੇਤਾ-ਬੱਜਰੀ ਬਣਾਈ ਜਾਂਦੀ ਹੈ।
ਮੁਹਾਣ ਬਦਲਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ: ਇੰਜਨੀਅਰ
ਨੈਸ਼ਨਲ ਹਾਈਵੇਅ ਅਥਾਰਟੀ ਦੇ ਰੈਜ਼ੀਡੈਂਟ ਇੰਜਨੀਅਰ ਵਰੇਂਦਰ ਪ੍ਰਸ਼ਾਦ ਨੇ ਸੰਪਰਕ ਕਰਨ ’ਤੇ ਇਹ ਮੰਨਿਆ ਕਿ ਪਾਣੀ ਦਾ ਮੁਹਾਣ ਬਦਲਣ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਪੁਲ ਦੇ ਖਤਰੇ ਹੇਠ ਆਏ ਪਿੱਲਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਦ ਪੁਲ ਮਜ਼ਬੂਤ ਹੋ ਜਾਵੇਗਾ ਤਾਂ ਫਿਰ ਦਰਿਆ ਦੇ ਮੁਹਾਣ ਨੂੰ ਬਦਲਣ ਲਈ ਵੀ ਯੋਜਨਾ ਤਿਆਰ ਕੀਤੀ ਜਾਵੇਗੀ।