ਪੱਤਰ ਪ੍ਰੇਰਕ
ਭਵਾਨੀਗੜ੍ਹ, 16 ਅਪਰੈਲ
ਸ਼ਹਿਰ ਦੀ ਇੱਕ ਮਸ਼ਹੂਰ ਹਲਵਾਈ ਦੀ ਦੁਕਾਨ ਤੋਂ ਜਦੋਂ ਇੱਕ ਬੱਚੇ ਨੇ ਕੁਲਫੀ ਖਰੀਦ ਕੇ ਖਾਣੀ ਚਾਹੀ ਤਾਂ ਉਸ ਵਿੱਚੋਂ ਮਰੀ ਹੋਈ ਮੱਖੀ ਦੇਖ ਕੇ ਬੱਚੇ ਸਮੇਤ ਉਸ ਦਾ ਪਰਿਵਾਰ ਹੱਕਾ-ਬੱਕਾ ਰਹਿ ਗਿਆ। ਇਸ ਸਬੰਧੀ ਸ਼ਹਿਰ ਦੇ ਰਹਿਣ ਵਾਲੇ ਗੌਰੀ ਸ਼ੰਕਰ ਨੇ ਦੱਸਿਆ ਕਿ ਉਸ ਦਾ ਪੋਤਰਾ ਬੀਤੀ ਸ਼ਾਮ ਇੱਕ ਦੁਕਾਨ ਤੋਂ ਕੁਲਫੀ ਲੈ ਕੇ ਘਰ ਪਹੁੰਚਿਆ। ਦੁਕਾਨਦਾਰ ਫੈਕਟਰੀ ਲਗਾ ਕੇ ਆਪਣੇ ਨਾਂ ਦੇ ਮਾਰਕੇ ਹੇਠ ਦੁੱਧ ਤੋਂ ਕੁਲਫੀ, ਮਿਲਕ ਬਦਾਮ, ਦਹੀਂ, ਪਨੀਰ ਆਦਿ ਬਣਾਉਣ ਦਾ ਕੰਮ ਕਰਦਾ ਹੈ। ਜਦੋਂ ਬੱਚੇ ਨੇ ਘਰ ਪਹੁੰਚ ਕੇ ਕੁਲਫੀ ਦਾ ਰੈਪਰ ਹਟਾਇਆ ਤਾਂ ਉਸ ਵਿੱਚੋਂ ਮਰੀ ਹੋਈ ਮੱਖੀ ਨਿਕਲੀ। ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਆਮ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਇਸ ਤਰ੍ਹਾਂ ਦੀ ਲਾਪ੍ਰਵਾਹੀ ਲੋਕਾਂ ਦੀ ਸਿਹਤ ’ਤੇ ਭਾਰੀ ਪੈ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਦੁਕਾਨਦਾਰ ਦਾ ਕਹਿਣਾ ਸੀ ਕਿ ਫਰਿੱਜ ਖੁੱਲ੍ਹਾ ਰਹਿਣ ਕਾਰਨ ਇਹ ਘਟਨਾ ਵਾਪਰ ਗਈ।