ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਸਤੰਬਰ
ਥਾਣਾ ਦਰੇਸੀ ਦੀ ਪੁਲੀਸ ਨੇ ਮਾਮੂਲੀ ਗੱਲ ਨੂੰ ਲੈ ਕੇ ਤਿੰਨ ਜਣਿਆਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 9 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਨਸੀਮ ਖਾਨ ਵਾਸੀ ਜਸਵੰਤ ਨਗਰ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਦੁਪਹਿਰ ਸਮੇਂ ਆਪਣੇ ਘਰ ਦੇ ਉਪਰਲੇ ਕਮਰੇ ਵਿੱਚ ਸੀ ਤਾਂ ਉਸਨੇ ਥੱਲੇ ਗਲੀ ਵਿੱਚ ਰੌਲਾ ਪੈਣ ਦੀ ਆਵਾਜ਼ ਸੁਣੀ। ਉਸ ਨੇ ਮੁਲਾਜ਼ਮ ਮਸ਼ੀਨ ਖਾਨ ਨੂੰ ਗਲੀ ਵਿੱਚ ਖੜਾ ਕੀਤਾ ਐਕਟਿਵਾ ਸਕੂਟਰ ਸਾਈਡ ’ਤੇ ਕਰਨ ਲਈ ਭੇਜਿਆ। ਜਦੋਂ ਉਹ ਥੱਲੇ ਆਇਆ ਤਾਂ ਕੁੱਝ ਲੋਕ ਉਸ ਨਾਲ ਹੱਥੋਪਾਈ ਕਰਨ ਲੱਗ ਪਏ। ਉਹ ਮਸ਼ੀਨ ਖ਼ਾਨ ਨੂੰ ਛੁਡਾਉਣ ਲਈ ਹੇਠਾਂ ਆਇਆ ਤਾਂ ਉਹ ਉਸ ਨਾਲ ਵੀ ਹੱਥੋਪਾਈ ਕਰਨ ਲੱਗ ਪਏ। ਉਹ ਬਚਾਅ ਲਈ ਘਰ ਅੰਦਰ ਵੜ ਗਿਆ ਤਾਂ ਉਨ੍ਹਾਂ ਨੇ ਪਿੱਛਾ ਕਰ ਕੇ ਉਸਦੀ ਅਤੇ ਲੜਕੇ ਦੀ ਮੁੜ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਦੇ ਹੋਏ ਉਹ ਲੜਕੇ ਦਾ ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ ਅਤੇ ਘਰ ਅੰਦਰ ਖੜ੍ਹੇ ਸਕੂਟਰ ਦੀ ਵੀ ਭੰਨ੍ਹ ਤੋੜ ਕੀਤੀ। ਪੁਲੀਸ ਵੱਲੋਂ ਜਤਿਨ, ਲਵਿਸ਼, ਰਿਸ਼ੀ ਅਤੇ ਅਰਜਨ ਸਮੇਤ ਚਾਰ ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।