ਅਫ਼ਗਾਨੀ ਵਿਦਿਆਰਥੀਆਂ ਵੱਲੋਂ ਸ਼ਰਨਾਰਥੀ ਐਲਾਨੇ ਜਾਣ ਦੀ ਅਪੀਲ
ਕੁਲਦੀਪ ਸਿੰਘ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਵਿੱਚ ਵੱਖ-ਵੱਖ ਥਾਈਂ ਰਹਿ ਰਹੇ ਅਫ਼ਗਾਨੀ ਵਿਦਿਆਰਥੀਆਂ ਨੇ ਅੱਜ ਸੈਕਟਰ 17 ਸਥਿਤ ਪਲਾਜ਼ਾ ਵਿੱਚ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਅਤੇ 20 ਮਿੰਟ ਦਾ ਮੌਨ ਰੱਖ ਕੇ ਸ਼ਰਨਾਰਥੀ ਐਲਾਨਣ ਅਤੇ ਹਰ ਬੰਦੋਬਸਤ ਕਰਨ ਦੀ ਅਪੀਲ ਕੀਤੀ।
ਅਫ਼ਗਾਨ ਸਟੂਡੈਂਟਸ ਏਕਤਾ ਸਮੂਹ ਅਤੇ ਚੰਡੀਗੜ੍ਹ ਦੀ ਐਨਜੀਓ ‘ਯੁਵਾਸੱਤਾ’ ਨੇ ਸਾਂਝੇ ਤੌਰ ’ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗਾਨੀ ਵਿਦਿਆਰਥੀਆਂ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਦੀਆਂ ਹਦਾਇਤਾਂ ਮੁਤਾਬਕ ਸ਼ਰਨਾਰਥੀ ਐਲਾਨ ਕੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਚੰਡੀਗੜ੍ਹ ਸ਼ਹਿਰ ਦੇ ਵਸਨੀਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਮੱਦਦ ਦੀ ਅਪੀਲ ਕੀਤੀ। ਚੰਡੀਗੜ੍ਹ ਵਾਸੀ ਨੌਜਵਾਨਾਂ ਅਤੇ ਅਧਿਆਪਕਾਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਅਫ਼ਗਾਨੀ ਵਿਦਿਆਰਥਣਾਂ ਖਾਤਿਰਾ ਨੂਰੀ, ਨੀਲੋਫਰ ਤੇ ਲਿਡਾ, ਜ਼ਾਕਿਰ ਹੁਸੈਨ ਤੇ ਪਰਵਾਨਾ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਿਗੜੇ ਹਾਲਾਤਾਂ ਮਗਰੋਂ ਉਥੇ ਔਰਤਾਂ ਤੇ ਕੁੜੀਆਂ ਦਾ ਜਿਊਣਾ ਔਖਾ ਹੋ ਗਿਆ ਹੈ। ਔਰਤਾਂ ਦੇ ਖੇਡਣ ਜਾਂ ਕੰਮ ਕਰਨ ’ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਲੱਗ ਰਿਹਾ।
ਅਫ਼ਗਾਨੀ ਵਿਦਿਆਰਥੀ ਅਬਦੁਲ ਮੁਨੀਰ ਕੱਕੜ ਅਤੇ ਵਾਲਿਦ ਅਚਾਕਜ਼ਾਈ ਨੇ ਦੱਸਿਆ ਕਿ ਅਫ਼ਗਾਨਿਸਤਾਨ ਵਿੱਚ ਔਰਤਾਂ ਅਕਾਦਮਿਕ, ਸੰਗੀਤ, ਖੇਡਾਂ ਜਾਂ ਰੱਖਿਆ ਦੇ ਸਾਰੇ ਖੇਤਰਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੀਆਂ ਸਨ, ਪਰ ਤਾਲਿਬਾਨੀ ਦੇ ਕਬਜ਼ੇ ਮਗਰੋਂ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ। ਉਨ੍ਹਾਂ ਦੇਸ਼ ਵਿੱਚ ਵਿਗੜੇ ਇਨ੍ਹਾਂ ਹਾਲਾਤ ਕਾਰਨ ਹੀ ਇੱਧਰ ਚੰਡੀਗੜ੍ਹ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਆਰਥਿਕ ਮੱਦਦ ਦੀ ਕਾਫ਼ੀ ਜ਼ਿਆਦਾ ਜ਼ਰੂਰਤ ਹੈ।
ਉਧਰ ‘ਯੁਵਾਸੱਤਾ’ ਦੇ ਕੁਆਰਡੀਨੇਟਰ ਪ੍ਰਮੋਦ ਸ਼ਰਮਾ ਨੇ ਕਿਹਾ ਕਿ ਹਿੰਦੁਸਤਾਨ ਅਤੇ ਅਫ਼ਗਾਨਿਸਤਾਨ ਦੇ ਸਦੀਆਂ ਪੁਰਾਣੇ ਸਬੰਧਾਂ ਨੂੰ ਬਰਕਰਾਰ ਰੱਖਦਿਆਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਾਰਤ ਵਿੱਚ ਰਹਿ ਰਹੇ ਇਨ੍ਹਾਂ ਬਿਪਤਾ ਮਾਰੇ ਹਰ ਧਰਮ-ਮਜ਼੍ਹਬ ਨਾਲ ਸਬੰਧਿਤ ਅਫ਼ਗਾਨੀ ਨਾਗਰਿਕਾਂ ਦੀ ਮੱਦਦ ਲਈ ਤੁਰੰਤ ਕਦਮ ਚੁੱਕੇ ਜਾਣ।
ਫੋਟੋ ਕੈਪਸ਼ਨ :
ਸੈਕਟਰ 17 ਵਿੱਚ ਮੋਮਬੱਤੀਆਂ ਫੜ ਕੇ ਮੌਨ ਪ੍ਰਦਰਸ਼ਨ ਕਰ ਰਹੀਆਂ ਅਫ਼ਗਾਨੀ ਵਿਦਿਆਰਥਣਾਂ।