ਸੁਰਜੀਤ ਮਜਾਰੀ
ਬੰਗਾ, 7 ਦਸੰਬਰ
ਭਾਰਤੀ ਜੀਵਨ ਬੀਮਾ ਨਿਗਮ ਦੇ ਨੁਮਾਇੰਦੇ ਅੱਜ ਪਿੰਡ ਖਟਕੜ ਕਲਾਂ ਪੁੱਜੇ। ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਯਾਦਗਾਰੀ ਸਮਾਰਕ ’ਤੇ ਸਿਜਦਾ ਕੀਤਾ। ਟੀਮ ਦੀ ਅਗਵਾਈ ਕਰ ਰਹੇ ਨਰਿੰਦਰ ਬੀਬਾ ਬਿੰਦਰਾ ਅਤੇ ਅਰਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫ਼ਿਜਾ ਦਾ ਆਨੰਦ ਮਾਣ ਰਹੇ ਹਾਂ। ਇਸ ਮੌਕੇ ਅਮਰਜੀਤ ਨੌਰਾ ਅਤੇ ਮੋਹਣ ਬੀਕਾ ਨੇ ਕਿਹਾ ਕਿ ਐੱਲਆਈਸੀ ਜਿੱਥੇ ‘ਜ਼ਿੰਦਗੀ ਦੇ ਨਾਲ ਵੀ ਅਤੇ ਜ਼ਿੰਦਗੀ ਤੋਂ ਬਾਅਦ ਵੀ’ ਮਿਸ਼ਨ ਤਹਿਤ ਕਈ ਘਰਾਂ ਦਾ ਆਰਥਿਕ ਹਨੇਰਾ ਦੂਰ ਕਰਦੀ ਆ ਰਹੀ ਹੈ, ਉੱਥੇ ਦੇਸ਼ ਕੌਮ ਦੇ ਨਿਰਮਾਣ ਹਿੱਤ ਕੀਤੇ ਜਾ ਰਹੇ ਕਾਰਜਾਂ ’ਚ ਸੇਵਾ ਦਾ ਵੱਡਾ ਹਿੱਸਾ ਬਣੀ ਹੈ। ਇਨ੍ਹਾਂ ਨੁਮਾਇੰਦਿਆਂ ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਜ਼ੀਅਮ ’ਚ ਸ਼ਹੀਦਾਂ ਦੇ ਸੰਘਰਸ਼ ਦੀ ਦਾਸਤਾਨ ਬਿਆਨ ਕਰਦੀਆਂ ਤਸਵੀਰਾਂ ਅਤੇ ਨਿਸ਼ਾਨੀਆਂ ਵੀ ਵੇਖੀਆਂ। ਇਸ ਮੌਕੇ ਸਾਰਿਆਂ ਨੇ ਇਸ ਮੌਕੇ ਹੋਈ ਆਮ ਗਿਆਨ ਦੇ ਮੁਕਾਬਲੇ ’ਚ ਵੀ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।
ਫ਼ੌਜੀ ਜਵਾਨਾਂ ਦੀ ਬੇਮਿਸਾਲ ਬਹਾਦਰੀ ਨੂੰ ਯਾਦ ਕੀਤਾ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸੇਵਾਮੁਕਤ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਪੰਜਾਬ ਸਟੇਟ ਵਾਰ ਮੈਮੋਰੀਅਲ ਨੇੜੇ ਬੱਸ ਸਟੈਂਡ ਵਿੱਚ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਇਸ ਮੌਕੇ ਜਿੱਥੇ ਸੈਨਾ ਮੈਡਲ, ਵਸ਼ਿਸ਼ਟ ਸੇਵਾ ਮੈਡਲ, ਜਨਰਲ ਆਫਿਸ ਕਮਾਂਡਿੰਗ, ਹੈੱਡਕੁਆਰਟਰਜ਼ 91 ਤੇ ਸਬ ਏਰੀਆ ਮੇਜਰ ਜਨਰਲ ਮਨੋਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਉੱਥੇ ਉਪ ਮੰਡਲ ਮੈਜਿਸਟ੍ਰੇਟ ਬਲਬੀਰ ਰਾਜ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮੁੱਖ ਮਹਿਮਾਨ ਨੇ ਫਲੈਗ ਡੇਅ ਫੰਡ ਵਿੱਚੋਂ 42 ਲੋੜਵੰਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਿੱਥੇ 3,74000 ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਤਕਸੀਮ ਕੀਤੇ, ਉੱਥੇ ਪਿਛਲੇ ਸਾਲ ਦੇ 15 ਯੋਗਦਾਨ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।